Site icon TheUnmute.com

ਇੰਡੋ-ਪੈਸੀਫਿਕ ’ਚ ਢੁੱਕਵੀਂ ਕੁਨੈਕਟੀਵਿਟੀ ਨਾਲ ਅੰਮ੍ਰਿਤਸਰ ਦੀ ਆਰਥਿਕਤਾ ’ਚ ਆਵੇਗਾ ਉਛਾਲ: ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ

Taranjit Singh Sandhu

ਅੰਮ੍ਰਿਤਸਰ /ਨਵੀਂ ਦਿੱਲੀ,16 ਮਾਰਚ 2024: ਅਮਰੀਕਾ ਦੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ (Taranjit Singh Sandhu) ਨੇ ਕਿਹਾ ਕਿ ਇੰਡੋ-ਪੈਸੀਫਿਕ ਵਿਚ ਢੁਕਵੀਂ ਕੁਨੈਕਟੀਵਿਟੀ ਨਾਲ ਅੰਮ੍ਰਿਤਸਰ ਦੀ ਆਰਥਿਕਤਾ ਅਤੇ ਆਮਦਨ ਵਾਧੇ ਦੀ ਸੰਭਾਵਨਾ ਕਈ ਗੁਣਾ ਵਧ ਜਾਵੇਗੀ। ਉਨ੍ਹਾਂ ਕਿਹਾ ਕਿ ਖਾੜੀ ਦੇਸ਼ਾਂ ਯੂ.ਏ.ਈ. ਅਤੇ ਸਾਊਦੀ ਅਰਬ ਸਮੇਤ ਹੋਰ ਖੇਤਰਾਂ ਨਾਲ ਚੰਗੀ ਕੁਨੈਕਟੀਵਿਟੀ ਅੰਮ੍ਰਿਤਸਰ ਦੇ ਵਪਾਰ ਅਤੇ ਖੇਤੀ ਸੈਕਟਰ ਲਈ ਨਵੀਂਆਂ ਪੁਲਾਂਘਾਂ ਪੁੱਟਣ ਦਾ ਮੌਕਾ ਪ੍ਰਦਾਨ ਕਰੇਗਾ।

ਤਰਨਜੀਤ ਸਿੰਘ ਸੰਧੂ ਸ਼ਨੀਵਾਰ ਨੂੰ ਨਵੀਂ ਦਿੱਲੀ ਵਿਖੇ ‘ਇੰਡੀਆ ਐਂਡ ਇੰਡੋ-ਪੈਸੀਫਿਕ:ਖ਼ਤਰੇ ਅਤੇ ਮੌਕੇ’ ਵਿਸ਼ੇ ’ਤੇ ਨਾਮਵਰ ਇੰਡੀਆ ਟੂਡੇ ਵੱਲੋਂ ਕਰਵਾਏ ਕਨਕਲੇਵ (ਸੰਮੇਲਨ) ਨੂੰ ਸੰਬੋਧਨ ਕਰ ਰਹੇ ਸਨ,ਨੇ “ਗਲੋਬਲ ਬਿਹਤਰੀ ਲਈ” ਹੈਲਥ ਕੇਅਰ, ਆਈ.ਟੀ.,ਡਿਜੀਟਲ,ਊਰਜਾ,ਸਿੱਖਿਆ ਅਤੇ ਰੱਖਿਆ ਵਰਗੇ ਵਿਭਿੰਨ ਖੇਤਰਾਂ ਵਿੱਚ ਕਵਾਡ ਅਤੇ ਇੰਡੋ ਪੈਸੀਫਿਕ ਦੇ ਨਾਲ ਭਾਰਤ ਦੀ ਵਧੀ ਹੋਈ ਭਾਈਵਾਲੀ ਅਤੇ ਹੁਨਰਮੰਦ ਨੌਜਵਾਨਾਂ ਦੀ ਮਹੱਤਤਾ ਨੂੰ ਉਜਾਗਰ ਕੀਤਾ।

ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰ ਅੰਮ੍ਰਿਤਸਰ ’ਚ ਖੇਤੀਬਾੜੀ,ਉਦਯੋਗ, ਵਣਜ,ਸਿਹਤ ਸੰਭਾਲ, ਸੈਰ-ਸਪਾਟਾ ਅਤੇ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਵਿਕਾਸ ਦੀਆਂ ਵਿਸ਼ਾਲ ਸੰਭਾਵਨਾਵਾਂ ਹਨ।ਉਨ੍ਹਾਂ ਟੂਰਿਜ਼ਮ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ’ਚ ਕੁੱਲ ਸੈਲਾਨੀਆਂ ਦੀ ਆਮਦ ਦਾ 70% ਤੋਂ ਵੱਧ ਦਾ ਹਿੱਸਾ ਅੰਮ੍ਰਿਤਸਰ ਦਾ ਹੈ। ਅੰਮ੍ਰਿਤਸਰ ਦੇ ਧਾਰਮਿਕ ਟੂਰਿਜ਼ਮ ਨੂੰ ਵਿਸਥਾਰ ਦੇ ਕੇ ਸੈਰ-ਸਪਾਟਾ ਉਦਯੋਗ ਵਜੋਂ ਵਿਕਸਤ ਕਰਨ ਅਤੇ ਪ੍ਰਾਹੁਣਚਾਰੀ ਨੂੰ ਪ੍ਰਫੁਲਿਤ ਕਰਨ ਤੋਂ ਇਲਾਵਾ ਸਿੱਖਿਆ,ਆਈ ਟੀ, ਕਿੱਤਾਕਾਰੀ,ਲੌਜਿਸਟਿਕਸ, ਫਾਰਮਾਸਿਊਟੀਕਲ (ਦਵਾਈਆਂ) ਤੇ ਰਸਾਇਣਿਕ ਸੈਕਟਰ, ਕੱਪੜਾ ਅਤੇ ਲਿਬਾਸ ਸੈਕਟਰ ਅਤੇ ਖੇਤੀ ਨਾਲ ਸੰਬੰਧਿਤ ਰਾਈਸ ਮਿਲਿੰਗ,ਫਲ਼ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਸੈਕਟਰਾਂ ਦੇ ਵਾਧੇ ਦੀਆਂ ਇਥੇ ਅਸੀਮ ਸੰਭਾਵਨਾਵਾਂ ਹਨ।

ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਲਘੂ ਤੇ ਮੱਧਮ ਉਦਯੋਗ ਲਈ ਹੁਨਰਮੰਦਾਂ ਦੀ ਪੂਰਤੀ ਲਈ ਸਿੱਖਿਆ ਤੇ ਟ੍ਰੇਨਿੰਗ ਸੰਸਥਾਵਾਂ ਨੂੰ ਬੜ੍ਹਾਵਾ ਦੇਣ ਦੀ ਜ਼ਰੂਰਤ ਹੈ।ਉਨ੍ਹਾਂ ਔਰਤਾਂ ਦੀ ਸ਼ਮੂਲੀਅਤ ਵਾਲੇ ਲਘੂ ਉਦਯੋਗ ਜਾਂ ਕਾਰੋਬਾਰ ਸਥਾਪਤ ਕਰਨ ਅਤੇ ਚਲਾਉਣ ਲਈ ਜਾਗਰੂਕਤਾ ਅਤੇ ਹੈਂਡਹੋਲਡਿੰਗ ਸਹਾਇਤਾ ਦੀ ਵੀ ਗੱਲ ਕੀਤੀ।ਉਨ੍ਹਾਂ ਕਿਹਾ ਕਿ ਨਵੀਂ ਤਕਨੀਕ ਨੂੰ ਅਪਣਾਉਣਾ ਅਤੇ ਨਿਰਯਾਤ ਲਈ ਯੋਜਨਾਵਾਂ ਅਤੇ ਪ੍ਰਕਿਰਿਆ ਬਾਰੇ ਜਾਗਰੂਕਤਾ ਅਤੇ ਭਰੋਸੇਮੰਦ ਮਾਰਕੀਟਿੰਗ ਅਮ੍ਰਿਤਸ਼ਰ ਦੇ ਕਾਰੋਬਾਰ ਨੂੰ ਬੁਲੰਦੀਆਂ ਤਕ ਲਿਜਾਣ ਦਾ ਸਬੱਬ ਬਣੇਗਾ।

ਇਸ ਤੋਂ ਪਹਿਲਾਂ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਕਰਦਿਆਂ ਸਾਬਕਾ ਰਾਜਦੂਤ ਸ.ਤਰਨਜੀਤ ਸਿੰਘ ਸੰਧੂ (Taranjit Singh Sandhu)  ਨੇ ਗੁਰੂ ਨਗਰੀ ਅੰਮ੍ਰਿਤਸਰ ਦੇ ਵਿਕਾਸ ਅਤੇ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਦੇ ਵਿਸ਼ੇ ’ਤੇ ਚਰਚਾ ਕੀਤੀ ਅਤੇ ਅੰਮ੍ਰਿਤਸਰ ਦੇ ਵਿਕਾਸ ਲਈ ਵਿਸ਼ੇਸ਼ ਆਰਥਿਕ ਪੈਕੇਜ ਦੇਣ ਦਾ ਮੁੱਦਾ ਉਠਾਇਆ।ਉਨ੍ਹਾਂ ਵਿੱਤ ਮੰਤਰੀ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਸੂਖਮ,ਲਘੂ ਅਤੇ ਮੱਧਮ ਉਦਯੋਗ ਦੇ ਖੇਤਰ ਵਿਚ ਜ਼ਿਕਰਯੋਗ ਪਹਿਲ ਕਦਮੀਆਂ ਕੀਤੀਆਂ ਗਈਆਂ ਹਨ। ਕੇਂਦਰੀ ਸਕੀਮਾਂ ਬਾਰੇ ਜਾਗਰੂਕਤਾ ਅਤੇ ਸਹੂਲਤਾਂ ਆਮ ਲੋਕਾਂ ਤਕ ਪਹੁੰਚਣੀਆਂ ਚਾਹੀਦੀਆਂ ਹਨ।

 

Exit mobile version