ਚੰਡੀਗੜ੍ਹ 30 ਦਸੰਬਰ 2022: ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਵੱਲੋਂ ਅੱਜ ਵਧੀਕ ਡਾਇਰੈਕਟਰ ਡਾ. ਉਪਿੰਦਰ ਸਿੰਘ ਲਾਂਬਾ ਨੂੰ ਉਨ੍ਹਾਂ ਦੀ ਸੇਵਾ-ਮੁਕਤੀ ‘ਤੇ ਨਿੱਘੀ ਵਿਦਾਇਗੀ ਦਿੱਤੀ ਗਈ। ਡਾ. ਲਾਂਬਾ 36 ਸਾਲ ਦੀ ਸ਼ਾਨਦਾਰ ਸੇਵਾ ਨਿਭਾਉਣ ਤੋਂ ਬਾਅਦ ਸੇਵਾ-ਮੁਕਤ ਹੋਏ ਹਨ।
ਇਥੇ ਪੰਜਾਬ ਭਵਨ ਵਿਖੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਰਾਹੁਲ ਭੰਡਾਰੀ, ਪ੍ਰਮੁੱਖ ਸਕੱਤਰ, ਸੂਚਨਾ ਅਤੇ ਲੋਕ ਸੰਪਰਕ ਅਤੇ ਸੰਦੀਪ ਸਿੰਘ ਗਾੜ੍ਹਾ, ਵਧੀਕ ਡਾਇਰੈਕਟਰ (ਪ੍ਰਸ਼ਾਸਨ) ਸਣੇ ਹੋਰਨਾਂ ਅਧਿਕਾਰੀਆਂ ਨੇ ਡਾ. ਲਾਂਬਾ ਵੱਲੋਂ ਨਿਭਾਈਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਸਖ਼ਤ ਮਿਹਨਤ, ਲਗਨ ਅਤੇ ਦ੍ਰਿੜ੍ਹਤਾ ਨਾਲ ਨਿਭਾਈ ਮਿਸਾਲੀ ਸੇਵਾ ਉਨ੍ਹਾਂ ਦੇ ਸਾਥੀਆਂ ਅਤੇ ਹੋਰ ਸਟਾਫ਼ ਮੈਂਬਰਾਂ ਨੂੰ ਆਪਣੀ ਡਿਊਟੀ ਜ਼ਿੰਮੇਵਾਰੀ ਤੇ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕਰਦੀ ਰਹੇਗੀ। ਅਧਿਕਾਰੀਆਂ ਨੇ ਕਿਹਾ ਕਿ ਡਾ. ਲਾਂਬਾ ਵਿਭਾਗ ਲਈ ਇੱਕ ਬਹੁਮੁੱਲੀ ਸੰਪਤੀ ਵਾਂਗ ਸਨ ਅਤੇ ਉਨ੍ਹਾਂ ਦੀ ਸੇਵਾ-ਮੁਕਤੀ ਨਾਲ ਇੱਕ ਖਲਾਅ ਪੈਦਾ ਹੋ ਗਿਆ ਹੈ ਜਿਸ ਨੂੰ ਪੁਰ ਕਰਨਾ ਮੁਸ਼ਕਲ ਹੋਵੇਗਾ।
ਡਾ. ਲਾਂਬਾ ਦ ਸੇਵਾ-ਮੁਕਤੀ ਪਿੱਛੋਂ ਬਿਹਤਰ ਤੇ ਸਿਹਤਮੰਦ ਜੀਵਨ ਅਤੇ ਉੱਜਲ ਭਵਿੱਖ ਦੀ ਕਾਮਨਾ ਕਰਦਿਆਂ ਅਧਿਕਾਰੀਆਂ ਨੇ ਉਮੀਦ ਜਤਾਈ ਕਿ ਉਹ ਭਵਿੱਖ ਵਿੱਚ ਆਪਣੇ ਸਾਹਿਤਕ ਕਾਰਜ ਨੂੰ ਅੱਗੇ ਵਧਾਉਣਗੇ ਅਤੇ ਕਾਨੂੰਨ ਦੇ ਖੇਤਰ ਵਿੱਚ ਉਸਾਰੂ ਯੋਗਦਾਨ ਪਾਉਣ ਸਣੇ ਸਮਾਜ ਭਲਾਈ ਲਈ ਖੁੱਲ੍ਹਦਿਲੀ ਨਾਲ ਕੰਮ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਆਪਣੇ ਲੰਮੇ ਪੇਸ਼ੇਵਾਰਾਨਾ ਸਫ਼ਰ ਦੀ ਸਫ਼ਲਤਾਪੂਰਵਕ ਸਮਾਪਤੀ ਪਿੱਛੋਂ ਹੁਣ ਡਾ. ਲਾਂਬਾ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਸੁਚੱਜੇ ਢੰਗ ਨਾਲ ਨਿਭਾਉਣ ਦੇ ਨਾਲ-ਨਾਲ ਆਪਣੇ ਪਰਿਵਾਰਕ ਮੈਂਬਰਾਂ ਲਈ ਵਧੇਰੇ ਸਮਾਂ ਕੱਢ ਸਕਣਗੇ।
ਅਧਿਕਾਰੀਆਂ ਨੇ ਡਾ. ਉਪਿੰਦਰ ਸਿੰਘ ਲਾਂਬਾ ਵੱਲੋਂ ਸਰਕਾਰੀ ਨੌਕਰੀ ਦੇ ਮੁਸ਼ਕਲਾਂ ਭਰੇ ਸਫ਼ਰ ਦੌਰਾਨ ਆਪਣੀ ਪੜ੍ਹਾਈ ਜਾਰੀ ਰੱਖਦਿਆਂ “ਸਰਕਾਰੀ, ਜਨਤਕ ਅਤੇ ਨਿੱਜੀ ਖੇਤਰ ਦੇ ਲੋਕ ਸੰਪਰਕ ‘ਚ ਬਦਲਦੀਆਂ ਰਣਨੀਤੀਆਂ ਤੇ ਤਕਨੀਕਾਂ ਦਾ ਤੁਲਨਾਤਮਕ ਅਧਿਐਨ” ਵਿਸ਼ੇ ‘ਤੇ ਪੀਐਚ.ਡੀ. ਕਰਨ ਦੀ ਸ਼ਲਾਘਾ ਕੀਤੀ ਅਤੇ ਹੈਡਕੁਆਰਟਰ ਤੇ ਜ਼ਿਲ੍ਹਾ ਅਧਿਕਾਰੀਆਂ ਨੂੰ ਡਾ. ਲਾਂਬਾ ਵਾਂਗ ਨਿਰੰਤਰ ਪੜ੍ਹਾਈ ਕਰਕੇ ਆਪਣਾ ਹੁਨਰ ਨਿਖਾਰਨ ਦੀ ਅਪੀਲ ਕੀਤੀ।
ਆਪਣੇ ਸੰਬੋਧਨ ਦੌਰਾਨ ਡਾ. ਲਾਂਬਾ ਨੇ ਵਿਭਾਗ ਵਿੱਚ ਆਪਣੇ ਤਜਰਬੇ ਅਧਿਕਾਰੀਆਂ ਨਾਲ ਸਾਂਝੇ ਕੀਤੇ ਅਤੇ ਆਪਣੇ ਪੇਸ਼ੇਵਾਰਾਨਾ ਜੀਵਨ ਦੌਰਾਨ ਮਾਰਗਦਰਸ਼ਨ ਲਈ ਸੀਨੀਅਰ ਅਧਿਕਾਰੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਅਧਿਕਾਰੀਆਂ ਵੱਲੋਂ ਡਾ. ਉਪਿੰਦਰ ਸਿੰਘ ਲਾਂਬਾ ਨੂੰ ਸਨਮਾਨ ਚਿੰਨ੍ਹ ਅਤੇ ਤੋਹਫ਼ੇ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਸਮਾਗਮ ਦੌਰਾਨ ਡਾ. ਲਾਂਬਾ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਰਣਦੀਪ ਸਿੰਘ ਆਹਲੂਵਾਲੀਆ ਅਤੇ ਹਰਜੀਤ ਸਿੰਘ ਗਰੇਵਾਲ (ਦੋਵੇਂ ਜੁਆਇੰਟ ਡਾਇਰੈਕਟਰ), ਇਸ਼ਵਿੰਦਰ ਸਿੰਘ ਗਰੇਵਾਲ, ਸ੍ਰੀਮਤੀ ਸ਼ਿਖਾ ਨਹਿਰਾ ਅਤੇ ਮਨਵਿੰਦਰ ਸਿੰਘ (ਸਾਰੇ ਡਿਪਟੀ ਡਾਇਰੈਕਟਰ), ਆਈ.ਪੀ.ਆਰ.ਓਜ਼, ਡੀ.ਪੀ.ਆਰ.ਓਜ਼, ਏ.ਪੀ.ਆਰ.ਓਜ਼ ਅਤੇ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।