Site icon TheUnmute.com

ADC ਵਿਰਾਜ ਵੱਲੋਂ ਮੋਹਾਲੀ/ਚੰਡੀਗੜ੍ਹ ਏਅਰਪੋਰਟ ਦੇ ਏਅਰਫੀਲਡ ਦੇ ਆਲੇ ਦੁਆਲੇ ਪੰਛੀਆਂ ਦੀ ਰੋਕਥਾਮ ਦੇ ਉਪਾਵਾਂ ਬਾਰੇ ਵੱਖ ਵੱਖ ਵਿਭਾਗਾਂ ਨਾਲ ਬੈਠਕ

ਚੰਡੀਗੜ੍ਹ ਏਅਰਪੋਰਟ

ਐਸ.ਏ.ਐਸ.ਨਗਰ, 19 ਅਕਤੂਬਰ, 2023: ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਆਲੇ-ਦੁਆਲੇ ਦੇ ਏਅਰਫੀਲਡ ਨੂੰ ਪੰਛੀਆਂ ਤੋਂ ਮੁਕਤ ਬਣਾਉਣ ਲਈ ਵਧੀਕ ਡਿਪਟੀ ਕਮਿਸ਼ਨਰ (ਜ) ਵੱਲੋਂ ਏਅਰਪੋਰਟ ਅਥਾਰਟੀਆਂ ਤੋਂ ਇਲਾਵਾ ਸਬੰਧਤ ਵਿਭਾਗਾਂ ਜਿਵੇਂ ਕਿ ਗਮਾਡਾ, ਨਗਰ ਨਿਗਮ ਅਤੇ ਪੇਂਡੂ ਵਿਕਾਸ ਤੇ ਪੰਚਾਇਤਾਂ ਨਾਲ ਬੈਠਕ ਕੀਤੀ ਗਈ।

ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਚੰਡੀਗੜ੍ਹ ਹਵਾਈ ਅੱਡੇ ਦੇ ਏਅਰਫੀਲਡ ਵਿੱਚ ਪੰਛੀਆਂ ਦੀ ਮੌਜੂਦਗੀ ਕਾਰਨ ‘ ਲੈਂਡਿੰਗ ‘ ਅਤੇ ‘ ਟੇਕ ਆਫ ‘ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਕਈ ਰੋਕਥਾਮ ਉਪਾਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਫੌਰੀ ਤੌਰ ਤੇ ਸਬੰਧਤ ਵਿਭਾਗਾਂ ਦੀ ਸਹਾਇਤਾ ਨਾਲ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ।

ਵਧੀਕ ਡਿਪਟੀ ਕਮਿਸ਼ਨਰ (ਜ) ਵਿਰਾਜ ਸ਼ਿਆਮਕਰਨ ਤਿੜਕੇ ਨੇ ਕਿਹਾ ਕਿ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਇਹ ਲਿਆਂਦਾ ਹੈ ਕਿ ਮੀਟ ਦੀਆਂ ਦੁਕਾਨਾਂ ‘ਤੇ ਆਸਾਨੀ ਨਾਲ ਉਪਲਬਧ ਕੱਚਾ ਮਾਸ ਤੇ ਹੋਰ ਰਹਿੰਦ-ਖੂਹੰਦ ਇਸ ਖੇਤਰ ਵਿੱਚ ਪੰਛੀਆਂ ਦੀ ਆਮਦ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਹੈ। ਇਸੇ ਤਰ੍ਹਾਂ ਕੰਬਾਲਾ, ਜਗਤਪੁਰ ਅਤੇ ਸੈਕਟਰ 74 ਦੇ ਆਸ-ਪਾਸ ਲੱਗੇ ਕੂੜੇ ਦੇ ਢੇਰਾਂ ਵੱਲ ਵੀ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਧਿਆਨ ਦੇਣ ਦੀ ਲੋੜ ਹੈ।

ਇਸੇ ਤਰ੍ਹਾਂ ਨੇੜਲੇ ਮੈਰਿਜ ਪੈਲੇਸਾਂ/ਹੋਟਲਾਂ ਵੱਲੋਂ ਰਾਤ ਵੇਲੇ ਲੇਜ਼ਰ ਲਾਈਟਾਂ ਦੀ ਵਰਤੋਂ ਵੀ ਲੈਂਡਿੰਗ ਸਮੇਂ ਪਾਇਲਟਾਂ ਲਈ ਖ਼ਤਰਨਾਕ ਸਾਬਤ ਹੋ ਸਕਦੀ ਹੈ। ਇਸ ਲਈ 200 ਮੀਟਰ ਦੇ ਘੇਰੇ ਵਿੱਚ ਅਜਿਹੀਆਂ ਲਾਈਟਾਂ ਦੀ ਵਰਤੋਂ ‘ਤੇ ਵੀ ਬਿਨਾਂ ਦੇਰੀ ਪਾਬੰਦੀ ਲਗਾਈ ਜਾਵੇ।

ਵਧੀਕ ਡਿਪਟੀ ਕਮਿਸ਼ਨਰ ਵਿਰਾਜ ਐਸ ਤਿੜਕੇ ਨੇ ਸਬੰਧਤ ਵਿਭਾਗਾਂ, ਗਮਾਡਾ, ਨਗਰ ਨਿਗਮ ਮੁਹਾਲੀ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣਾਂ ਦੀ ਸੁਰੱਖਿਅਤ ‘ ਲੈਂਡਿੰਗ ‘ ਅਤੇ ‘ਟੇਕਆਫ ‘ ਨੂੰ ਯਕੀਨੀ ਬਣਾਉਣ ਲਈ ਪੰਛੀਆਂ ਦੀ ਰੋਕਥਾਮ ਨਾਲ ਸਬੰਧਤ ਕਦਮ ਚੁੱਕਣ ਲਈ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।

ਏ ਡੀ ਸੀ ਨੇ ਮੀਟਿੰਗ ਵਿੱਚ ਹਾਜ਼ਰ ਮੁੱਖ ਮੰਤਰੀ ਦੇ ਫੀਲਡ ਅਫਸਰ ਇੰਦਰ ਪਾਲ ਨੂੰ ਹਵਾਈ ਅੱਡੇ ਦੇ 200 ਮੀਟਰ ਦੇ ਘੇਰੇ ਵਿੱਚ ਲੇਜ਼ਰ ਲਾਈਟਾਂ ਦੀ ਵਰਤੋਂ ‘ਤੇ ਤੁਰੰਤ ਪਾਬੰਦੀ ਲਗਾਉਣ ਲਈ 144 ਤਹਿਤ ਮਨਾਹੀ ਦੇ ਹੁਕਮ ਜਾਰੀ ਕਰਨ ਲਈ ਵੀ ਕਿਹਾ।

ਮੀਟਿੰਗ ਵਿੱਚ ਐਸ ਡੀ ਐਮ ਨਵਾਂਸ਼ਹਿਰ ਚੰਦਰਜੋਤੀ ਸਿੰਘ, ਐਸ ਡੀ ਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ, ਗਮਾਡਾ ਅਤੇ ਨਗਰ ਨਿਗਮ ਮੁਹਾਲੀ ਦੇ ਸੁਪਰਡੈਂਟ ਇੰਜਨੀਅਰ ਕ੍ਰਮਵਾਰ ਬਲਵਿੰਦਰ ਸਿੰਘ ਅਤੇ ਨਰੇਸ਼ ਬੱਤਾ ਤੋਂ ਇਲਾਵਾ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਮਨਿੰਦਰਪਾਲ ਸਿੰਘ ਚੌਹਾਨ ਅਤੇ ਜਲ ਸਰੋਤ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਰਜਤ ਗਰੋਵਰ ਹਾਜ਼ਰ ਸਨ।

Exit mobile version