ਪਟਿਆਲਾ, 10 ਫਰਵਰੀ 2025: Qila Mubarak Patiala: ਪਟਿਆਲਾ ਹੈਰੀਟੇਜ-2025 (Patiala Heritage-2025) ਦੇ ਕਿਲ੍ਹਾ ਮੁਬਾਰਕ ਪਟਿਆਲਾ ਵਿਖੇ 15 ਅਤੇ 16 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ | ਅੱਜ ਪਟਿਆਲਾ ਦੇ ਏ.ਡੀ.ਸੀ. (ਜ) ਇਸ਼ਾ ਸਿੰਗਲ ਨੇ ਇਸ ਸਮਾਗਮਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਕਿਲ੍ਹਾ ਮੁਬਾਰਕ ਵਿਖੇ ਨੋਡਲ ਅਫ਼ਸਰਾਂ ਨਾਲ ਬੈਠਕ ਕੀਤੀ।
ਇਸ ਦੌਰਾਨ ਏ.ਡੀ.ਸੀ. ਇਸ਼ਾ ਸਿੰਗਲ ਨੇ ਦੱਸਿਆ ਕਿ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਪਟਿਆਲਾ ਹੈਰੀਟੇਜ ਫੈਸਟੀਵਲ-2025 ਦੇ ਵੱਖ-ਵੱਖ ਸਮਾਗਮ 13 ਫਰਵਰੀ ਤੋਂ ਸ਼ੁਰੂ ਹੋ ਜਾਣਗੇ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ‘ਰੰਗਲਾ ਪੰਜਾਬ’ ਬਣਾਉਣ ਤਹਿਤ 16 ਫਰਵਰੀ 2025 ਤੱਕ ਇਹ ਸਮਾਗਮ ਵੱਖ-ਵੱਖ ਥਾਵਾਂ ‘ਤੇ ਕਰਵਾਏ ਜਾਣਗੇ |
ਏ.ਡੀ.ਸੀ. ਇਸ਼ਾ ਸਿੰਗਲ ਨੇ ਸਮਾਗਮ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 15 ਫਰਵਰੀ ਦਿਨ ਸ਼ਨੀਵਾਰ ਦੀ ਸ਼ਾਮ ਨੂੰ ਕਿਲ੍ਹਾ ਮੁਬਾਰਕ (Qila Mubarak Patiala) ਵਿਖੇ ਮਸ਼ਹੂਰ ਅਦਾਕਾਰਾ ਸਤਿੰਦਰ ਸੱਤੀ ਵੱਲੋਂ ਰਵਾਇਤੀ ਪੰਜਾਬੀ ਪਹਿਰਾਵੇ ਦੇ ਫ਼ੈਸ਼ਨ ਸ਼ੋਅ ‘ਰੰਗ ਪੰਜਾਬ ਦੇ’ ਦੀ ਦਿਲਕਸ਼ ਪੇਸ਼ਕਾਰੀ ਪੇਸ਼ ਕੀਤੀ ਜਾਵੇਗੀ ।
ਉਨ੍ਹਾਂ ਦੱਸਿਆ ਕਿ ਇਸ ‘ਚ ਫ਼ੈਸ਼ਨ ਡਿਜ਼ਾਇਨਰ ਏਲੀ ਕਿਮ ਵੱਲੋਂ ਤਿਆਰ ਕੀਤੇ ਪੰਜਾਬੀ ਪਹਿਰਾਵੇ ਤੇ ਗਹਿਣਿਆਂ ਦੇ ਅਮੀਰ ਵਿਰਸੇ ਦੀ ਪ੍ਰਦਰਸ਼ਨੀ ਹੋਵੇਗੀ। ਇਸਤੋਂ ਇਲਾਵਾ 16 ਫਰਵਰੀ 2025 ਦੀ ਸ਼ਾਮ 6 ਵਜੇ ਕਿਲ੍ਹਾ ਮੁਬਾਰਕ ਵਿਖੇ ਹੀ ਸ਼ਾਸ਼ਤਰੀ ਸੰਗੀਤ ਦੀ ਸ਼ਾਮ ‘ਚ ਵਿਸ਼ਵ ਪ੍ਰਸਿੱਧ ਸਿਤਾਰ ਵਾਦਕ ਨਿਲਾਦਰੀ ਕੁਮਾਰ ਵੱਲੋਂ ਸਿਤਾਰ ਵਾਦਨ ਤੇ ਉੱਘੇ ਤਬਲਾ ਵਾਦਕ ਸੱਤਿਆਜੀਤ ਤਲਵਾਲਕਰ ਵੱਲੋਂ ਤਬਲੇ ਦੀ ਪੇਸ਼ਕਾਰੀ ਪੇਸ਼ ਕੀਤੀ ਜਾਵੇਗੀ |
ਇਸਦੇ ਨਾਲ ਹੀ ਇਸ਼ਾ ਸਿੰਗਲ ਨੇ ਪੰਜਾਬੀਆਂ ਤੇ ਖਾਸ ਕਰਕੇ ਪਟਿਆਲਾ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ 13 ਫਰਵਰੀ ਤੋਂ ਸ਼ੁਰੂ ਹੋ ਰਹੇ ਪਟਿਆਲਾ ਹੈਰੀਟੇਜ ਫੈਸਟੀਵਲ ਦੇ ਵੱਖ-ਵੱਖ ਸਮਾਗਮਾਂ ਦਾ ਹਿੱਸਾ ਬਣਕੇ ਇਨ੍ਹਾਂ ਦਾ ਆਨੰਦ ਜਰੂਰ ਮਾਨਣ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮਾਗਮਾਂ ‘ਚ ਐਂਟਰੀ ਮੁਫ਼ਤ ਹੈ ਅਤੇ ਕੋਈ ਪਾਸ ਜਾਂ ਦਾਖਲਾ ਟਿਕਟ ਨਹੀਂ ਰੱਖੀ । ਇਸ ਦੌਰਾਨ ਐ.ਡੀ.ਐਮ ਸਮਾਣਾ ਤਰਸੇਮ ਚੰਦ, ਸੀ.ਡੀ.ਪੀ.ਓ. ਸੁਪ੍ਰੀਤ ਬਾਜਵਾ, ਤਹਿਸੀਲਦਾਰ ਹਰਸਿਮਰਨ ਸਿੰਘ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
Read More: 13 ਤੋਂ 16 ਫਰਵਰੀ ਤੱਕ ਹੋਣਗੇ ਪਟਿਆਲਾ ਹੈਰੀਟੇਜ ਮੇਲੇ ਦੇ ਸਮਾਗਮ: DC ਡਾ. ਪ੍ਰੀਤੀ ਯਾਦਵ