Site icon TheUnmute.com

ਮਰਹੂਮ ਸ਼ਾਇਰ ਸੁਰਜੀਤ ਪਾਤਰ ਨੂੰ ਸਮਰਪਿਤ ‘ਅਦਬੀ ਮੇਲਾ 2024’ ਦੀ ਰੂਪ-ਰੇਖਾ ਜਾਰੀ

Adabi Mela 2024

ਚੰਡੀਗੜ੍ਹ, 13 ਜੁਲਾਈ 2024: ਏਸ਼ਿਆਈ ਸਾਹਿਤਕ ਅਤੇ ਸੱਭਿਆਚਾਰਕ ਫੋਰਮ ਯੂ. ਕੇ. ਵੱਲੋਂ ਮਰਹੂਮ ਸ਼ਾਇਰ ਸੁਰਜੀਤ ਪਾਤਰ ਨੂੰ ਸਮਰਪਿਤ ‘ਅਦਬੀ ਮੇਲਾ 2024’ (Adabi Mela 2024) ਦੀ ਰੂਪ-ਰੇਖਾ ਜਾਰੀ ਕਰ ਦਿੱਤੀ ਹੈ। ਇਸ ਸੰਬੰਧੀ ਸਾਂਝੇ ਤੌਰ ‘ਤੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਮੁੱਖ ਅਹੁਦੇਦਾਰ ਅਜ਼ੀਮ ਸ਼ੇਖਰ, ਰਾਜਿੰਦਰਜੀਤ ਅਤੇ ਅਬੀਰ ਬੁੱਟਰ ਨੇ ਦੱਸਿਆ ਕਿ 20 ਜੁਲਾਈ 2024 ਨੂੰ ਉਦਘਾਟਨੀ ਸੈਸ਼ਨ ਸਵੇਰੇ 11 ਵਜੇ ਤੋਂ 1 ਵਜੇ ਤੱਕ ਰੱਖਿਆ ਗਿਆ |

ਉਨ੍ਹਾਂ ਕਿਹਾ ਸਭ ਤੋਂ ਪਹਿਲਾਂ ਅਜ਼ੀਮ ਸ਼ੇਖਰ ਵੱਲੋਂ ਸਵਾਗਤੀ ਸ਼ਬਦ ਬੋਲੇ ਜਾਣਗੇ ਅਤੇ ਮੇਲੇ ਦਾ ਆਗਾਜ਼, “ਪੰਜਾਬੀ ਲੋਕ ਰੰਗ”(ਲੰਮੀ ਹੇਕ ਦੇ ਗੀਤ) ਨਾਲ ਕੀਤਾ ਜਾਵੇਗਾ। ਇਸ ਉਪਰੰਤ ਉੱਘੇ ਵਿਦਵਾਨ ਡਾ.ਜਸਵਿੰਦਰ ਸਿੰਘ ਵੱਲੋਂ ਮੁੱਖ ਭਾਸ਼ਣ ਦਿੱਤਾ ਜਾਵੇਗਾ। ਇਸ ਤੋਂ ਬਾਅਦ ‘ਅਸੀਸ’ ਦੌਰਾਨ ਬਾਬਾ ਨਜ਼ਮੀ ਅਤੇ ਸੰਤੋਖ ਧਾਲੀਵਾਲ ਸਰੋਤਿਆਂ ਨੂੰ ਸੰਬੋਧਨ ਕਰਨਗੇ ਅਤੇ ਇਸ ਸੈਸ਼ਨ ਦਾ ਸੰਚਾਲਨ ਦਲਵੀਰ ਕੌਰ ਵਲੋਂ ਕੀਤਾ ਜਾਵੇਗਾ ।

ਇਸਦੇ ਨਾਲ ਹੀ ਦੁਪਹਿਰ 1 ਤੋਂ 2 ਵਜੇ ਤੱਕ ਚਿੰਤਨੀ ਸੈਸ਼ਨ” ਹੋਵੇਗਾ। ਇਸ ਦੌਰਾਨ ਡਾ. ਕੁਲਦੀਪ ਦੀਪ ਅਤੇ ਡਾ. ਧਨਵੰਤ ਕੌਰ ਸੰਬੋਧਨ ਕਰਨਗੇ। ਇਸ ਦੌਰਾਨ ਮੰਚ ਦਾ ਸੰਚਾਲਨ ਗੁਰਨਾਮ ਗਰੇਵਾਲ ਅਤੇ ਸੰਯੋਜਨ ਦਰਸ਼ਨ ਬੁਲੰਦਵੀ ਕਰਨਗੇ । ਇਸਤੋਂ ਬਾਅਦ ਦੁਪਹਿਰ 2 ਤੋਂ 2.30 ਵਜੇ ਸਮਾਗਮ ਨੂੰ ਵਿਰਾਮ ਦਿੱਤਾ ਦਿੱਤੋ ਜਾਵੇਗਾ ।

ਇਸਤੋਂ ਬਾਅਦ ਤੀਜਾ ਸੈਸ਼ਨ ਦੁਪਹਿਰ 2.30 ਤੋਂ ਸ਼ਾਮ 6 ਵਜੇ ਤੱਕ ਹੋਵੇਗਾ | ਇਸ ਸੈਸ਼ਨ ਦਾ ਪਹਿਲਾ ਭਾਗ ਸੁਰ-ਸੰਗੀਤ ਦਾ ਹੋਵੇਗਾ, ਜਿਸ ‘ਚ ਨੇਹਾ ਡੋਗਰਾ ਪ੍ਰਮੁੱਖ ਭੂਮਿਕਾ ਨਿਭਾਉਣਗੇ। “ਤਾਸਮਨ” ਦਾ ਪ੍ਰਵਾਸੀ ਅੰਕ ਵੀ ਇਸੇ ਸੈਸ਼ਨ ਵਿਚ ਲੋਕ ਅਰਪਣ ਕੀਤਾ ਜਾਵੇਗਾ। ਇਸ ਸੈਸ਼ਨ ‘ਚ 3.30 ਤੋਂ 6 ਵਜੇ ਤੱਕ ਅੰਤਰਰਾਸ਼ਟਰੀ ਕਵੀ ਦਰਬਾਰ ਕਰਵਾਇਆ ਜਾਵੇਗਾ, ਜਿਸ ‘ਚ ਭਾਰਤ, ਕੈਨੇਡਾ, ਅਮਰੀਕਾ, ਸਪੇਨ, ਸਵੀਡਨ, ਪਾਕਿਸਤਾਨ ਆਦਿ ਦੇਸ਼ਾਂ ਤੋਂ ਕਵੀ ਕਵਿਤਾ ਪੜਨਗੇ | ਇਸ ਦਾ ਸੰਚਾਲਨ ਮਨਜੀਤ ਪੁਰੀ ਤੇ ਪਰਮਜੀਤ ਦਿਓਲ ਵੱਲੋਂ ਕੀਤਾ ਜਾਵੇਗਾ । ਇਸ ਉਪਰੰਤ “ਰੰਗਮੰਚ ਦਾ ਰੰਗ” ਅਧੀਨ 6:15 ਵਜੇ ਅਨੀਤਾ ਸ਼ਬਦੀਸ਼ ਦੁਆਰਾ ਨਾਟਕ “ਗੁਮਸ਼ੁੰਦਾ ਔਰਤ” ਖੇਡਿਆ ਜਾਵੇਗਾ ਅਤੇ ਇਸ ਦਾ ਸੰਚਾਲਨ ਰੂਪ ਦਵਿੰਦਰ ਕੌਰ ਕਰਨਗੇ |

ਇਸਦੇ ਨਾਲ ਹੀ ਦੂਜੇ ਦਿਨ 21 ਜੁਲਾਈ 2024 ਨੂੰ “ਸਮਕਾਲ ਅਤੇ ਪੰਜਾਬੀ ਅਦਬ” ਸਿਰਲੇਖ ਅਧੀਨ-ਸਮਕਾਲ ਅਤੇ ਪੰਜਾਬੀ ਕਵਿਤਾ, ਸਮਕਾਲ ਅਤੇ ਪੰਜਾਬੀ ਗਲਪ, ਸਮਕਾਲ ਅਤੇ ਪੰਜਾਬੀ ਨਾਟਕ, ਰੰਗਮੰਚ ਤੇ ਸਿਨੇਮਾ ‘ਤੇ ਸਮਾਗਮ ਰਚਾਏ ਜਾਣਗੇ। ‘ਵਾਹਗੇ ਦੇ ਆਰ-ਪਾਰ’ ਤਹਿਤ ਸੰਵਾਦ ਰਚਾਇਆ ਜਾਵੇਗਾ, ਜਿਸ ਦਾ ਸੰਯੋਜਨ ਦਰਸ਼ਨ ਢਿੱਲੋਂ ਕਰਨਗੇ ਅਤੇ ਆਖ਼ਰੀ ਸੈਸ਼ਨ ਸੁਰ-ਸੰਗੀਤ ਦੌਰਾਨ ਉੱਘੇ ਗਾਇਕ ਮਾਣਕ ਅਲੀ ਆਪਣਾ ਗਾਇਣ ਪੇਸ਼ ਕਰਨਗੇ | ਇਸ ਦਾ ਸੰਯੋਜਨ ਸਿਕੰਦਰ ਬਰਾੜ ਵਲੋਂ ਕੀਤਾ ਜਾਵੇਗਾ | ਇਸ ਦਾ ਸਮਾਂ 7.30 ਤੋਂ 8.30 ਵਜੇ ਤੱਕ ਰੱਖਿਆ | ਇਸ ਤੋਂ ਬਾਅਦ ਹੀ ਮੇਲੇ (Adabi Mela 2024) ਦਾ ਸਮਾਪਨ ਕੀਤਾ ਜਾਵੇਗਾ।

Exit mobile version