ਚੰਡੀਗੜ੍ਹ 15 ਨਵੰਬਰ 2022: ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ (Jacqueline Fernandez) ਨੂੰ ਮਨੀ ਲਾਂਡਰਿੰਗ ਮਾਮਲੇ ‘ਚ ਪਟਿਆਲਾ ਹਾਊਸ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਕੋਰਟ ਨੇ 200 ਕਰੋੜ ਦੀ ਧੋਖਾਧੜੀ ਦੇ ਮਾਮਲੇ ‘ਚ ਅਭਿਨੇਤਰੀ ਨੂੰ ਜ਼ਮਾਨਤ ਦੇ ਦਿੱਤੀ ਹੈ । ਪਹਿਲੀ ਅਦਾਕਾਰਾ ਦੀ ਜ਼ਮਾਨਤ ‘ਤੇ ਫੈਸਲਾ 11 ਨਵੰਬਰ ਨੂੰ ਹੋਣਾ ਸੀ। ਪਰ ਅਦਾਲਤ ਨੇ ਫੈਸਲਾ ਰਾਖਵਾਂ ਰੱਖ ਲਿਆ ਸੀ। ਅਦਾਕਾਰਾ ਦੀ ਅੰਤਰਿਮ ਜ਼ਮਾਨਤ 10 ਨਵੰਬਰ ਨੂੰ ਹੀ ਖ਼ਤਮ ਹੋ ਗਈ ਸੀ। ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਜੈਕਲੀਨ ਨੂੰ ਦੋ ਲੱਖ ਦੇ ਨਿੱਜੀ ਮੁਚਲਕੇ ਭਾਵ ਜ਼ਮਾਨਤੀ ਬਾਂਡ ‘ਤੇ ਬਰੀ ਕਰ ਦਿੱਤਾ ਹੈ।
ਅਦਾਕਾਰਾ ਪਹਿਲਾਂ ਅੰਤਰਿਮ ਜ਼ਮਾਨਤ ‘ਤੇ ਸੀ। ਇਸ ਤੋਂ ਬਾਅਦ ਉਸ ਨੇ ਰੈਗੂਲਰ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ। 11 ਨਵੰਬਰ ਨੂੰ ਹੋਈ ਸੁਣਵਾਈ ਵਿੱਚ ਈਡੀ ਨੇ ਜੈਕਲੀਨ ਫਰਨਾਂਡੀਜ਼ (Jacqueline Fernandez) ਦੀ ਜ਼ਮਾਨਤ ਦਾ ਵਿਰੋਧ ਕੀਤਾ ਸੀ। ਈਡੀ ਨੇ ਕਿਹਾ ਕਿ ਜੈਕਲੀਨ ਸਬੂਤਾਂ ਨਾਲ ਛੇੜਛਾੜ ਕਰ ਸਕਦੀ ਹੈ। ਵਿਦੇਸ਼ ਵੀ ਜਾ ਸਕਦੀ ਹੈ | ਇਸ ਦੇ ਨਾਲ ਹੀ ਜੈਕਲੀਨ ਦੇ ਵਕੀਲ ਨੇ ਜਾਂਚ ‘ਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਸੀ।