Site icon TheUnmute.com

ਸਾਬਕਾ ਅਕਾਲੀ ਮੰਤਰੀ ਦੀ ਧੀ ‘ਤੇ ਦਿਵਿਆਂਗ ਕੋਟੇ ‘ਚ ਦੋ ਲਾਭ ਲੈਣ ਦੇ ਦੋਸ਼ ਸਹੀ ਸਾਬਿਤ

ਦਿਵਿਆਂਗ ਕੋਟੇ

ਚੰਡੀਗੜ੍ਹ 29 ਜੁਲਾਈ 2022: ਕੇਂਦਰ ਸਰਕਾਰ ਤੇ ਸੂਬਾ ਸਰਕਾਰ ਤੋਂ ਦਿਵਿਆਂਗ ਕੋਟੇ ’ਚ ਵੱਖ-ਵੱਖ ਲਾਭ ਲੈਣ ਦੇ ਮਾਮਲੇ ’ਚ ਫਸੀ ਸਾਬਕਾ ਅਕਾਲੀ ਮੰਤਰੀ ਦੀ ਧੀ ਤੇ ਪੰਜਾਬੀ ਯੂਨੀਵਰਸਿਟੀ (Punjabi University) ਦੀ ਮਹਿਲਾ ਮੁਲਾਜ਼ਮ ਬਲਜਿੰਦਰ ਕੌਰ ’ਤੇ ਲੱਗੇ ਦੋਸ਼ ਸਹੀ ਪਾਏ ਗਏ ਹਨ। ਇਸ ਸੰਬੰਧੀ ਪੰਜਾਬੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋ. ਅਰਵਿੰਦ ਨੇ ਇਸਦੀ ਪੁਸ਼ਟੀ ਕੀਤੀ ਹੈ। ਇਸ ਮਾਮਲੇ ਦੀ ਜਾਂਚ ਰਿਪੋਰਟ ਹੁਣ ਪੰਜਾਬ ਰਾਜਪਾਲ ਕੋਲ ਭੇਜੀ ਜਾਵੇਗੀ |

ਇਸਦੇ ਨਾਲ ਹੀ ਮਹਿਲਾ ਮੁਲਾਜ਼ਮ ਬਲਜਿੰਦਰ ਕੌਰ ਨੇ ਆਪਣੇ ਆਪ ਨੂੰ ਬਚਾਉਣ ਲਈ ਅਸਤੀਫ਼ਾ ਦੇ ਦਿੱਤਾ ਹੈ | ਦੂਜੇ ਪਾਸੇ ਪੰਜਾਬੀ ਯੂਨੀਵਰਸਿਟੀ ਉਨ੍ਹਾਂ ਨੂੰ ਬਰਖਾਸਤ ਕਰਕੇ ਕਾਨੂੰਨੀ ਕਾਰਵਾਈ ਕਰ ਸਕਦੀ ਹੈ | ਇਸ ਮਾਮਲੇ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਤੇ ਪੰਜਾਬੀ ਯੂਨੀਵਰਸਿਟੀ (Punjabi University) ਦੇ ਚਾਂਸਲਰ ਕੋਲ ਸ਼ਿਕਾਇਤ ਕੀਤੀ ਗਈ ਸੀ | ਜਿਸ ‘ਚ ਦੱਸਿਆ ਗਿਆ ਕਿ ਉਨ੍ਹਾਂ ਨੇ ਸਾਲ 2005 ’ਚ ਦਿਵਿਆਂਗ ਕੋਟੇ ’ਚ ਹਿੰਦੋਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਡ ਦੀ ਡੀਲਰਸ਼ਿਪ ਲਈ ਸੀ।

ਇਸਦੇ ਨਾਲ ਹੀ ਮਹਿਲਾ ਨੇ 2010 ‘ਚ ਦਿਵਿਆਂਗ ਕੋਟੇ ਤਹਿਤ ਹੀ ਪੰਜਾਬੀ ਯੂਨੀਵਰਸਿਟੀ ’ਚ ਐਡਹਾਕ ਦੇ ਅਧਾਰ ’ਤੇ ਨੌਕਰੀ ਹਾਸਲ ਕੀਤੀ ਅਤੇ 2014 ’ਚ ਯੂਨੀਵਰਸਿਟੀ ’ਚ ਸੀਨੀਅਰ ਸਹਾਇਕ (ਤਕਨੀਕੀ) ਵਜੋਂ ਪੱਕੀ ਵੀ ਹੋ ਗਈ। ਸ਼ਿਕਾਇਤ ’ਚ ਕਿਹਾ ਗਿਆ ਸੀ ਕੇਂਦਰ ਤੇ ਸੂਬਾ ਸਰਕਾਰ ਤੋਂ ਇੱਕੋ ਕੋਟੇ ’ਚ ਦੋ ਲਾਭ ਲੈ ਕੇ ਸਿਵਲ ਸੇਵਾਵਾਂ ਤੇ ਯੂਨੀਵਰਸਿਟੀ ਦੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ।

ਦੂਜੇ ਪਾਸੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਪੁਨੀਤ ਸ਼ਰਮਾ ਦਾ ਕਹਿਣਾ ਹੈ ਕਿ ਜੇਕਰ ਕਿਸੇ ਮਹਿਕਮੇ ’ਚ ਕੋਈ ਮੁਲਾਜ਼ਮ ਧੋਖਾਧੜੀ ਕਰਦਾ ਹੈ ਤਾਂ ਉਸ ਦਾ ਅਸਤੀਫ਼ਾ ਮਨਜ਼ੂਰ ਕਰਨ ਦੀ ਬਜਾਏ ਮਹਿਕਮੇ ਵੱਲੋਂ ਉਸ ਨੂੰ ਮੁਅੱਤਲ ਜਾਂ ਨੌਕਰੀ ਤੋਂ ਬਰਖ਼ਾਸਤ ਕਰਨਾ ਸਹੀ ਹੈ । ਅਸਤੀਫ਼ਾ ਦੇਣਾ ਤੇ ਉਸ ਨੂੰ ਮਨਜ਼ੂਰ ਕਰ ਲੈਣਾ ਬਚਣ ਤੇ ਬਚਾਉਣ ਦਾ ਰਾਹ ਹੈ। ਮਹਿਕਮਾ ਚਾਹੇ ਤਾਂ ਅਸਤੀਫ਼ਾ ਨਾਮਨਜ਼ੂਰ ਕਰ ਕੇ ਵਿੱਤੀ ਜਾਂ ਹੋਰ ਵਿਭਾਗੀ ਕਾਰਵਾਈ ਕਰ ਸਕਦਾ ਹੈ।

 

Exit mobile version