June 30, 2024 8:09 pm
new Basmati seeds

ਬਾਸਮਤੀ ਦੇ ਨਵੇਂ ਬੀਜ ਤੇ ਤਕਨੀਕ ਬਾਰੇ: ਝੋਨੇ ਖਾਸ ਕਰ ਕੱਦੂ ਮੁਕਤ ਜਾਂ DSR ਦੇ ਚਾਹਵਾਨ ਕਿਸਾਨ ਵੀਰ ਧਿਆਨ ਦੇਣ…

ਪੰਜਾਬ ਦੇ ਵਾਤਾਵਰਨ, ਕੁਦਰਤੀ ਸ੍ਰੋਤਾਂ ਅਤੇ ਫਸਲੀ ਵਿਭਿਨਤਾ ਨੂੰ ਖਰਾਬ ਕਰਨ ਵਾਲੇ ਕਾਰਨਾਂ ਚੋਂ ਕੱਦੂ ਵਾਲਾ ਝੋਨਾ ਪਹਿਲੇ ਨੰਬਰ ਤੇ ਆਉਂਦਾ ਹੈ | ਮੇਰਾ ਅਤੇ ਮੇਰੇ ਕਿਸਾਨ ਗਰੁੱਪ ਦੇ ਸਾਥੀ ਕਿਸਾਨਾਂ ਦਾ ਪਹਿਲਾਂ ਤੋਂ ਹੀ ਮੰਨਣਾ ਹੈ ਕੇ ਪੰਜਾਬ ਦੇ ਖੇਤੀ ਸੰਤੁਲਨ ਨੂੰ ਬਚਾਉਣ ਲਈ ਸਿਰਫ ਦੋ ਰਾਹ ਬਚੇ ਹਨ |

ਪਹਿਲਾ:- ਝੋਨੇ ਦਾ ਪੂਰਣ ਤਿਆਗ ਕਰਨਾ, ਕੇਵਲ ਬਾਸਮਤੀ ਕਿਸਮਾਂ ਹੀ ਰਹਿਣ |

ਦੂਜਾ:- ਜਾਂ ਫਿਰ ਝੋਨਾ ਬਾਸਮਤੀ ਲਾਉਣ ਦੇ ਤਰੀਕੇ ਬਦਲਣਾ,, ਕੱਦੂ ਦੀ ਜਗਾ DSR, ਸੁੱਕਾ ਕੱਦੂ ਜਾਂ ਵੱਟਾਂ ਵਾਲਾ ਝੋਨਾ ਬਰਸਾਤ ਅਨੁਸਾਰ ਲਾਉਣਾ |

ਪੰਜਾਬ ਹਰਿਆਣਾ ਨੇ ਮੁਲਕ ਦਾ ਅਨਾਜ ਭੰਡਾਰ ਭਰਨ ਦੇ ਚੱਕਰ ‘ਚ ਆਪਣਾ ਪਾਣੀ ਦਾ ਭੰਡਾਰ ਮੁਕਾ ਲਿਆ ਹੈ |ਕੱਦੂ ਦੇ ਦੁਸ਼ ਪ੍ਰਭਾਵਾਂ ਨੂੰ ਅਸੀਂ ਸਮਝੀਏ ਨਾ ਸਮਝੀਏ ਪਰ ਖੋਜ ਸੰਸਥਾਵਾਂ ਅਤੇ ਕੰਪਨੀਆਂ ਨੇ ਦੂਸਰੇ ਬਦਲਾਂ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ |ਇਸ ਪ੍ਰਕਿਰਿਆ ਚ ਕੱਦੂ ਮੁਕਤ ਅਤੇ ਘੱਟ ਖਰਚੇ ਪਾਣੀ ਨਾਲ ਫ਼ਸਲ ਪੈਦਾ ਕਰਨ ਲਈ ਬੀਜ ਅਤੇ ਤਕਨੀਕਾਂ ਤੇ ਕੰਮ ਹੋ ਰਿਹਾ ਹੈ |

ਪਹਿਲਾਂ ਆਪਾਂ ਬਾਸਮਤੀ ਕਿਸਮਾਂ ਚ ਹੋ ਰਹੀਆਂ ਪੇਸ਼ਕਦਮੀਆਂ ਬਾਰੇ ਗੱਲ ਕਰਦੇ ਹਾਂ |

ਬਾਸਮਤੀ ਪੰਜਾਬੀਆਂ ਦੇ ਮਨਪਸੰਦ ਚੌਲ ਹਨ ਜੋ ਘੱਟ ਖਰਚੇ, ਪਾਣੀ ਅਤੇ ਬਰਸਾਤਾਂ ਦੌਰਾਨ ਪਲਣ ਵਾਲੀ ਫ਼ਸਲ ਹੈ | ਪਹਿਲਾਂ ਸਾਡੇ ਕੋਲ 386 ਅਤੇ 370 ਕਿਸਮਾਂ ਦੀ ਬਾਸਮਤੀ ਸੀ ਜੋ ਕੇ ਬਹੁਤ ਲੰਬੇ ਤੇ ਖੁਸ਼ਬੂਦਾਰ ਚੌਲਾਂ ਲਈ ਪਾਕਿਸਤਾਨੀ ਬਾਸਮਤੀ ਦੇ ਨਾਮ ਹੇਠ ਵੀ ਮਸ਼ਹੂਰ ਸੀ ਪਰ ਝਾੜ ਪ੍ਰਤੀ ਏਕੜ 6 ਤੋਂ 9 ਕੁਇੰਟਲ ਤੱਕ ਹੋਣ ਕਰਨ ਅਤੇ ਉਚਿੱਤ ਰੇਟ ਨਾ ਮਿਲਣ ਕਰਕੇ ਕਿਸਾਨਾਂ ਨੇ ਛੱਡ ਦਿੱਤੀ| ਬਹੁਤ ਥੋੜੇ ਕਿਸਾਨ ਕੇਵਲ ਆਪਣੀ ਲਈ ਹੀ ਬੀਜਦੇ ਹਨ |

ਫਿਰ ਪੂਸਾ ਸੰਸਥਾਨ ਦੇ ਵਿਗਿਆਨੀਆਂ ਨੇ ਵੱਧ ਝਾੜ ਵਾਲੀ ਪੂਸਾ ਬਾਸਮਤੀ 1121 ਦੀ ਖੋਜ ਕੀਤੀ ਜੋ ਕੇ ਝਾੜ ਅਤੇ ਰੇਟ ਕਰਕੇ ਕਿਸਾਨਾਂ ਚ ਬਹੁਤ ਲੋਕਪ੍ਰੀਅ ਹੋਈ ਹਾਲਾਂਕਿ ਇਸਦਾ ਸਵਾਦ 386 ਤੇ 370 ਵਰਗਾ ਨਹੀਂ |

ਫਿਰ ਸਮੇਂ ਅਨੁਸਾਰ 1121 ਦੀ ਸੋਧਵੀਂ ਲਾਈਨ ਚ 1718 ਤੇ ਇਸ ਸਾਲ 1885 ਕਿਸਮਾਂ ਰਿਲੀਜ਼ ਹੋਇਆਂ |

ਏਸੇ ਤਰਾਂ 1509 ਦੀ ਸੋਧ ਕਰਕੇ 1692 ਤੇ 1847 ਆਈਆਂ |

1401 ਮੁੱਛਲ ਦਾ ਸੋਧਿਆ ਰੂਪ 1886 ਆਈ |

ਸਵਾਦ ਅਤੇ ਖਾਣ ਦੇ ਲਿਹਾਜ਼ ਨਾਲ 386,370 ਤੋਂ ਬਾਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ PB 7 ਦਾ ਪ੍ਰਦਰਸ਼ਨ ਵਧੀਆ ਰਿਹਾ ਹੈ |

ਉਪਰੋਕਤ ਸਾਰੀਆਂ ਬਾਸਮਤੀ ਕਿਸਮਾਂ ਸਿੱਧੀ ਬਿਜਾਈ DSR ਚ ਵੀ ਕਾਮਯਾਬ ਰਹੀਆਂ ਜਿਸ ਨੂੰ ਦੇਖਦੇ ਹੋਏ ਭਾਰਤੀ ਖੇਤੀ ਖੋਜ ਸੰਸਥਾਨ IARI ਤੇ PUSSA ਨੇ ਡਾ ਵੀ ਕੇ ਸਿੰਘ ਦੀ ਅਗਵਾਈ ਚ ਨਿਰੋਲ DSR ਕਰਨ ਲਈ ਖਾਸ ਤੌਰ ਤੇ ਦੋ ਬਾਸਮਤੀ ਕਿਸਮਾਂ ਪੂਸਾ 1979 ਅਤੇ ਪੂਸਾ 1985 ਦੀ ਖੋਜ ਕੀਤੀ ਹੈ ਜਿਸਨੂੰ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਸਿਤੰਬਰ 2022 ਨੂੰ ਰਿਲੀਜ਼ ਕਰ ਰਹੇ ਹਨ |

pumpkin

ਯਾਦ ਰਹੇ ਕੇ ਪੂਸਾ 1979 ਕਿਸਮ ਪੂਸਾ 1121 ਦਾ ਅਤੇ ਪੂਸਾ 1985 ਕਿਸਮ ਪੂਸਾ 1509 ਦਾ ਹੀ ਸੁਧਰਿਆ ਰੂਪ ਹੈ |

ਸੋਧਣ ਦੀ ਪ੍ਰਕਿਰਿਆ ਚ 1121 ਤੇ 1509 ਨੂੰ ਰੋਬਿਨ ROBIN ਨਾਮ ਦੇ ਜ਼ੀਨ ਨਾਲ ਕਰਾਸ ਕੀਤਾ ਗਿਆ ਹੈ ਜੋ ਕਿ ਦੱਖਣੀ ਭਾਰਤ ਦੀ ਇਕ ਸੋਕਾ ਸਹਿ ਸਕਣ ਵਾਲੀ ਕਿਸਮ ਨਗੀਨਾ NAGINA 22 ਚੋਂ ਲਿਆ ਗਿਆ ਹੈ ਜਿਸ ਬਾਰੇ ਤਾਮਿਲਨਾਡੂ ਖੇਤੀ ਯੂਨੀਵਰਸਿਟੀ ਦੇ ਵਿਗਿਆਨੀ/ ਰਾਈਸ ਬ੍ਰੀਡਰ ਡਾ ਐਸ ਰੋਬਿਨ ਨੇ ਖੋਜ ਕੀਤੀ ਅਤੇ ਉਹਨਾਂ ਦੇ ਨਾਮ ਤੇ ਹੀ ਜ਼ੀਨ ਦਾ ਨਾਮ ਰੋਬਿਨ ਪਿਆ ਹੈ…
ਸੋਧੀ ਹੋਈ 1979 ਤੇ 1985 ਚ ਨਦੀਨ ਨਾਸ਼ਕ ਸਹਿਣ ਸ਼ੀਲਤਾ ਵਾਲਾ ਤੱਤ ਮਿਕਸ ਕੀਤਾ ਗਿਆ ਹੈ ਜਿਸਦਾ ਨਾਮ ਇਮੇਜੈਥਾਪਯਰ Imezethypyr ਹੈ |

ਜੇ ਸਿੱਧੀ ਭਾਸ਼ਾ ਚ ਗੱਲ ਕਰੀਏ ਤਾਂ imezetypyr ਰਾਊਂਡਅਪ Glyphosate ਦਾ ਹੀ ਦੂਜਾ ਭਰਾ ਹੈ ਜੋ ਕਿ 1979 ਤੇ 1985 ਤੋਂ ਇਲਾਵਾ ਜ਼ਮੀਨ ਵਿੱਚ ਉੱਗਣ ਵਾਲੀ ਹਰ ਬਨਸਪਤੀ ਨੂੰ ਨਸ਼ਟ ਕਰ ਦੇਵੇਗਾ.. ਸੋਧੀ treated 1979 ਤੇ 1985 ਬਾਸਮਤੀ ਦੀ ਉਗਣ ਅਤੇ ਜਮਾਵ ਸ਼ਕਤੀ ਵੀ ਵੱਧ ਹੋਵੇਗੀ ਉਪਰੋਂ ਖ਼ੇਤ ਚ ਕੱਲੀ ਹੀ ਬਚੀ ਨਜ਼ਰ ਆਵੇਗੀ |

ਇਹ ਤਕਨੀਕ ਅਮਰੀਕਾ ਅਤੇ ਬ੍ਰਾਜ਼ੀਲ ਵਰਗੇ ਮੁਲਕਾਂ ਚ ਬਹੁਤ ਪਹਿਲਾਂ ਤੋਂ ਵਰਤੀ ਜਾ ਰਹੀ ਹੈ ਅਤੇ ਇਸਦੇ ਸਾਈਡ ਇਫ਼ੇਕ੍ਟਸ ਬਾਰੇ ਵੀ ਵਾਤਾਵਰਨ ਪ੍ਰੇਮੀਆਂ ਦੇ ਮਨਾਂ ਚ ਸ਼ੰਕੇ ਹਨ.. ਭਾਰਤ ਵਿੱਚ ਵੀ ਇਸ ਬਾਰੇ ਅੱਗੇ ਜਾਕੇ ਪਤਾ ਲੱਗੇਗਾ |

ਫਿਲਹਾਲ ਇਸਦੇ ਕਿਸਾਨੀ ਐਂਗਲ ਤੋਂ ਲਾਭਾਂ ਬਾਰੇ ਸਮਝਦੇ ਹਾਂ :-

ਝੋਨੇ ਬਾਸਮਤੀ ਦੀ ਸਿੱਧੀ ਬਿਜਾਈ ਕਰਨ ਵਾਲੇ ਅਤੇ ਕਰਨ ਦੇ ਚਾਹਵਾਨ ਕਿਸਾਨਾਂ ਦੀ ਝਿਜਕ ਤੇ ਸਮੱਸਿਆਵਾਂ ਚ ਮੁੱਖ ਤੌਰ ਤੇ ਨਦੀਨ, ਚੋਬਾ ਜਾਂ ਪਿੱਛਲੇ ਸਾਲ ਵਾਲੇ ਝੋਨੇ ਦੇ ਬੀਜ ਦਾ ਰਲ਼ੇਵਾਂ ਅਤੇ DSR ਦੀ ਉਪਯੁਕਤ ਤਿਆਰੀ ਲਈ ਸਮੇਂ ਸਿਰ ਪਾਣੀ ਬਿਜਲੀ ਦਾ ਨਾ ਮਿਲਣਾ ਸੀ, ਪਰ 1979 ਤੇ 1985 DSR ਕਰਨ ਵਾਲੇ ਕਿਸਾਨਾਂ ਦਾ ਕਾਫੀ ਝੰਜਟ ਖ਼ਤਮ ਹੋ ਜਾਵੇਗਾ ਕਿਉਂਕ ਕਿਸਾਨ ਨੇ ਸਿਰਫ ਆਪਣੀ ਮਰਜ਼ੀ ਮੁਤਾਬਿਕ ਗਿੱਲੇ ਸੁੱਕੇ ਵੱਤਰ ਚ DSR ਕਰਨੀ ਹੈ ਅਤੇ ਕਿਸੇ ਵੀ ਕਿਸਮ ਦੇ ਅਗਾਂਊ ਨਦੀਨ ਪ੍ਰਬੰਧ ਦੀ ਲੋੜ ਨਹੀਂ ਪਵੇਗੀ | ਫ਼ਸਲ ਉੱਗਣ ਤੋਂ ਬਾਦ ਜਿੰਨੇ ਮਰਜ਼ੀ ਨਦੀਨ ਜਾਂ ਦੂਜੀਆਂ ਫਸਲਾਂ ਦੇ ਬੂਟੇ ਉੱਗ ਜਾਣ Imezethypyr ਦੀ ਸਪਰੇ 1979+1985 ਨੂੰ ਛੱਡ ਕੇ ਸਭ ਦਾ ਕੰਮ ਤਮਾਮ ਕਰ ਦੇਵੇਗੀ |

DSR ਕਰਨ ਦੀ ਲਾਗਤ ਵੀ ਘਟ ਜਾਵੇਗੀ, ਝਾੜ ਵੀ ਵੱਧ ਹੋਵੇਗਾ |

ਜੇਕਰ ਸਰਕਾਰ ਨੇ ਇਹਨਾਂ ਬਾਸਮਤੀ ਕਿਸਮਾਂ ਦਾ ਉਚਿੱਤ ਮੁੱਲ MSP ਨਿਰਧਾਰਿਤ ਕਰ ਦਿੱਤੀ ਤਾਂ ਕੱਦੂ ਦੇ ਨਾਲ ਨਾਲ ਝੋਨੇ ਤੋਂ ਵੀ ਛੁਟਕਾਰਾ ਮਿਲ ਸਕਦਾ ਹੈ | ਇਸ ਕੰਮ ਲਈ ਚੰਗੀ ਨੀਤੀ ਤੇ ਨੀਅਤ ਦਰਕਾਰ ਹੋਵੇਗੀ |

ਝੋਨੇ ਦਾ ਪ੍ਰਤੀ ਏਕੜ ਔਸਤ ਝਾੜ 30 ਕੁਇੰਟਲ ਕੱਢਣ ਵਾਲੇ ਕਿਸਾਨ ਨੂੰ ਜੇਕਰ ਮੌਜੂਦਾ ਕੀਮਤ ਨਾਲ 30 ×2000=60,000 ਰੁ ਮਿਲਦਾ ਹੈ ਤਾਂ ਬਾਸਮਤੀ 20 ਕੁਇੰਟਲ ਕੱਢਣ ਵਾਲੇ ਕਿਸਾਨ ਨੂੰ ਜੇ ਪ੍ਰਤੀ ਕੁਇੰਟਲ 3000 ਰੁ MSP ਅਨੁਸਾਰ 20×3000=60,000 ਰੁ ਮਿਲੇ ਤਾਂ ਉਹ ਕਦੀ ਵੀ ਝੋਨੇ ਵੱਲ ਮੂੰਹ ਨਹੀਂ ਕਰੇਗਾ |

ਨਾਲ਼ੇ ਬੇਸ਼ੁਮਾਰ ਲਾਗਤਾਂ, ਪਾਣੀ ਤੇ ਵਾਤਾਵਰਨ ਬਚੇਗਾ,, ਜ਼ਮੀਨ ਨੂੰ ਆਰਾਮ ਮਿਲੇਗਾ,, ਹੁੰਮਸ ਤੋਂ ਖਹਿੜਾ ਛੁਟੇਗਾ..ਲੋਕਾਂ ਨੂੰ ਚੰਗੀ ਕੁਆਲਟੀ ਦੇ ਚੌਲ ਮਿਲਣਗੇ |ਕੀ ਅਜਿਹਾ ਹੋ ਸਕੇਗਾ ਇਹ ਵੀ ਸਮੇਂ ਦੇ ਗਰਭ ‘ਚ ਹੈ?

ਬਾਸਮਤੀ ਤੋਂ ਬਾਅਦ ਕੁਝ ਝੋਨੇ ਬਾਰੇ:-
ਝੋਨੇ ਦੇ ਬੀਜ ‘ਚ ਚੰਗਾ ਨਾਮ ਰੱਖਣ ਵਾਲੀ ਕੰਪਨੀ SAVANAHH SEEDS ਜਿਸਦੀਆਂ ਦੋ ਕਿਸਮਾਂ ਸਾਵਾ 127 ਤੇ 134 ਬਹੁਤ ਪ੍ਰਚਲਿਤ ਹਨ ਅਤੇ ਖਾਸ ਕਰਕੇ DSR ਚ ਬਹੁਤ ਵਧੀਆ ਨਤੀਜੇ ਦੇ ਰਹੀਆਂ ਹਨ ਇਹ ਕੰਪਨੀ ਵੀ ਖਾਸ ਤੌਰ ਤੇ DSR ਲਈ ਹੀ 2021ਤੋਂ ਇਕ Weedicide Tolerant Te chnic ਤੇ ਕੰਮ ਕਰ ਰਹੀ ਹੈ | ਜਿਸਨੂੰ ਉਸਨੇ ਫੁੱਲ ਪੇਜ FULL PAGE ਤਕਨੀਕ ਦਾ ਨਾਮ ਦਿੱਤਾ ਹੈ |

ਇਸ ਤਕਨੀਕ ਰਾਹੀਂ ਕੰਪਨੀ ਵੱਲੋਂ ਦਿੱਤੇ ਤੇ DSR ਟ੍ਰਾਇਲ ਚ ਲੱਗੇ ਸਾਵਾ 127 ਤੇ 134 ਬੀਜਾਂ ਵਾਲੀ ਫ਼ਸਲ ਕਿਸਾਨ ਦੇ ਆਪਣੇ ਜਾਂ ਬਜ਼ਾਰੀ ਸਾਵਾ ਬੀਜ ਨਾਲੋਂ ਬਿਹਤਰ ਨਜ਼ਰ ਆ ਰਹੀ ਹੈ |ਕੁੱਲ ਮਿਲਾ ਕੇ ਇਹਨਾਂ ਬੀਜਾਂ /ਤਕਨੀਕਾਂ ਰਾਹੀਂ ਕਿਸਾਨ ਦੀਆਂ ਚੁਣੌਤੀਆਂ ਘੱਟਦੀਆਂ ਨਜ਼ਰ ਆ ਰਹੀਆਂ ਨੇ ਤੇ DSR ਥੱਲੇ ਰਕਬਾ ਵਧੇਗਾ |

ਦੂਜੇ ਪਾਸੇ ਵਾਤਾਵਰਨ ਪ੍ਰੇਮੀ ਇਸਦੇ ਮਾੜੇ ਪ੍ਰਭਾਵਾਂ ਨੂੰ ਲੈ ਕੇ ਚਿੰਤਤ ਹਨ ਕਿਉਂਕ ਅਮਰੀਕਾ ‘ਚ ਪਿਛਲੇ 10 ਸਾਲ ਤੋਂ ਵਰਤੀ ਜਾ ਰਹੀ Weedicide Tolerent ਤਕਨੀਕ ਨਾਲ ਖੇਤਾਂ ਚ ਇਕ ਸਮੇਂ ਇਕ ਹੀ ਫ਼ਸਲ ਨਜ਼ਰ ਆਉਂਦੀ ਹੈ | ਬਾਕੀ ਸਾਰੀ ਬਨਸਪਤੀ ਨਸ਼ਟ ਹੋਣ ਕਰਕੇ ਮਿੱਤਰ ਕੀੜੇ, ਮਧੂ ਮੱਖੀਆਂ ਤੇ ਪਰਾਗਣ pollynation ਪ੍ਰਕਿਰਿਆ ਚ ਰੁਕਾਵਟ ਪੈਣ ਕਰਕੇ ਹੋ ਰਹੇ ਨੁਕਸਾਨ ਦਾ ਰੌਲਾ ਪੈ ਰਿਹਾ ਅਤੇ ਲੋਕ ਇਸਨੂੰ ਦਾਨਵ ਖੇਤੀ ਕਹਿ ਰਹੇ ਹਨ ਜੋ ਆਪਣੇ ਤੋਂ ਇਲਾਵਾ ਸਭ ਕੁਝ ਤਬਾਹ ਕਰ ਦਿੰਦੀ ਹੈ |

ਹੁਣ ਪੰਜਾਬ ਦੇ ਨਜ਼ਰੀਏ ਨਾਲ ਵੇਖੀਏ ਤਾਂ ਅਸੀਂ ਕੱਦੂ ਵਿਧੀ ਤੇ ਝੋਨੇ ਦੁਆਰਾ ਹੋਏ ਨੁਕਸਾਨ ਨੂੰ ਜਾਨਣ ਦੇ ਬਾਵਜੂਦ MSP ਦੀ ਮਜ਼ਬੂਰੀ /ਲਾਲਚ ਚ ਅਜੇ ਵੀ ਕੱਦੂ ਚ ਹੀ ਹਾਂ. ਕੁਝ ਸਮਝਦਾਰ ਕਿਸਾਨਾਂ ਨੇ ਨਵੇਂ ਰਾਹ ਚੁਣੇ ਹਨ | ਜ਼ਮਾਨੇ ਦਾ ਚਲਣ ਹੈ ਸੋ ਨਵੇਂ ਬੀਜ, ਸੰਦ, ਤਕਨੀਕਾਂ ਆਉਂਦੀਆਂ ਰਹਿਣੀਆਂ ਨੇ ਤਾਂ ਸਾਨੂੰ ਤਸਵੀਰ ਦੇ ਦੋਵੇਂ ਪਾਸੇ ਵੇਖ ਕੇ, ਪੜਚੋਲ ਕੇ ਬਹੁਤ ਸੁਚੇਤ ਹੋਕੇ ਆਪਣਾ ਜ਼ਮੀਨ ਤੇ ਕੁਦਰਤੀ ਸਾਧਨਾਂ ਤੇ ਭੋਜਨ ਸੁਰੱਖਿਆ ਵਾਲਾ ਮੋਰਚਾ ਬਚਾਉਣ ਦੀ ਲੋੜ ਹੈ| ਅਸੀਂ ਪਹਿਲਾਂ ਹੀ ਮਜ਼ਬੂਰੀ, ਲਾਲਚ ਜਾਂ ਅਣਜਾਣ ਪੁਣੇ ਚ ਵੱਡਾ ਨੁਕਸਾਨ ਕਰ ਚੁੱਕੇ ਹਾਂ |

ਸੁੱਧ ਬੁੱਧ ਕਾਇਮ ਰੱਖਣੀ ਪਊ..
ਦੱਸਣ ਦੀ ਲੋੜ ਨਹੀਂ ਕਿ
ਸੁੱਧ ਦਾ ਸੰਬੰਧ ਮਨ ਨਾਲ
ਬੁੱਧ ਦਾ ਸੰਬੰਧ ਦੁੱਧ ਨਾਲ ਹੈ

ਜੇਹਾ ਅੰਨ ਤੇਹਾ ਮਨ
ਜੇਹਾ ਦੁੱਧ ਤੇਹੀ ਬੁੱਧ
ਦੋਵਾਂ ਦਾ ਸੰਬੰਧ ਜ਼ਮੀਨ ਤੇ ਭੋਜਨ ਨਾਲ ਹੈ ਜੋ
ਜ਼ਹਿਰ ਹੋਵੇਗਾ ਤਾਂ ਕਹਿਰ ਹੋਵੇਗਾ
ਸ਼ੁੱਧ ਹੋਵੇਗਾ ਤਾਂ ਪ੍ਰਬੁੱਧ ਹੋਵੇਗਾ….

ਮਰਜ਼ੀ ਤੇ ਚੁਣਾਵ ਆਪੋ ਆਪਣਾ

ਗੁਰਬਿੰਦਰ ਸਿੰਘ ਬਾਜਵਾ