ਅਬੋਹਰ 27 ਅਪ੍ਰੈਲ 2024: ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਦੱਸਿਆ ਹੈ ਕਿ ਅਬੋਹਰ ਮਾਰਕੀਟ ਕਮੇਟੀ ਦੇ ਅਧੀਨ ਮੰਡੀਆਂ ਵਿੱਚ ਕਣਕ ਦੀ ਢੋਆ ਢੁਆਈ ਲਈ ਟਰੱਕ ਅਤੇ ਲੇਬਰ ਮੰਗ ਅਨੁਸਾਰ ਅਤੇ ਟੈਂਡਰ ਦੀਆਂ ਸ਼ਰਤਾਂ ਅਨੁਸਾਰ ਉਪਲਬਧ ਨਾ ਕਰਵਾਉਣ ਕਰਕੇ ਸਬੰਧਤ ਠੇਕੇਦਾਰ ਨੂੰ ਜ਼ੁਰਮਾਨਾ ਲਗਾਇਆ ਗਿਆ ਹੈ। ਇਹ ਜ਼ੁਰਮਾਨਾ ਉਸ ਦੀ ਕੁੱਲ ਰਕਮ ਦਾ ਦੋ ਫੀਸਦੀ ਹੋਵੇਗਾ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇੱਥੇ ਮਿਡਾ ਹੈੰਡਲਿੰਗ ਕੰਪਨੀ ਨੂੰ ਇਹ ਜ਼ੁਰਮਾਨਾ ਲਗਾਇਆ ਗਿਆ ਹੈ। ਇਸ ਸਬੰਧੀ ਜ਼ਿਲ੍ਹਾ ਫੂਡ ਸਪਲਾਈ ਦਫਤਰ ਵੱਲੋਂ ਉਕਤ ਨੂੰ ਬਕਾਇਦਾ ਪੱਤਰ ਭੇਜ ਦਿੱਤਾ ਗਿਆ ਹੈ । ਉਹਨਾਂ ਨੇ ਆਖਿਆ ਕਿ ਟਰਾਂਸਪੋਰਟਰਾਂ ਨੂੰ ਹਦਾਇਤ ਕੀਤੀ ਗਈ ਸੀ ਕਿ ਉਹ ਟੈਂਡਰ ਦੀਆਂ ਸ਼ਰਤਾਂ ਅਨੁਸਾਰ ਏਜੰਸੀਆਂ ਦੀ ਮੰਗ ਅਨੁਸਾਰ ਟਰੱਕ ਅਤੇ ਲੇਬਰ ਮੁਹੱਈਆ ਕਰਵਾਉਣ ਤਾਂ ਜੋ ਮੰਡੀਆਂ ਵਿੱਚੋਂ ਤੇਜ਼ੀ ਨਾਲ ਕਣਕ ਦੀ ਲਿਫਟਿੰਗ ਹੋ ਸਕੇ ।
ਪਰ ਉਕਤ ਵੱਲੋਂ ਇਸ ਵਿੱਚ ਲਗਾਤਾਰ ਢਿੱਲ ਵਰਤੀ ਜਾ ਰਹੀ ਸੀ ਜਿਸ ਤੇ ਇਹ ਕਾਰਵਾਈ ਕੀਤੀ ਗਈ ਹੈ । ਉਹਨਾਂ ਨੇ ਬਾਕੀ ਟਰਾਂਸਪੋਰਟਰਾਂ ਨੂੰ ਵੀ ਤਾੜਨਾ ਕੀਤੀ ਕਿ ਜਿਸ ਕਿਸੇ ਨੇ ਵੀ ਟੈਂਡਰ ਦੀਆਂ ਸ਼ਰਤਾਂ ਅਨੁਸਾਰ ਏਜੰਸੀਆਂ ਨੂੰ ਲੇਬਰ ਜਾਂ ਟਰੱਕ ਉਪਲਬਧ ਨਾ ਕਰਵਾਏ ਤਾਂ ਉਹਨਾਂ ਖ਼ਿਲਾਫ਼ ਵੀ ਇਸੇ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਖਰੀਦ ਪ੍ਰਬੰਧਾਂ ਵਿੱਚ ਕਿਸੇ ਵੱਲੋਂ ਵੀ ਜੇਕਰ ਊਣਤਾਈ ਕੀਤੀ ਗਈ ਤਾਂ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।