ਚੰਡੀਗੜ੍ਹ 17 ਮਈ 2022: ਆਮ ਆਦਮੀ ਪਾਰਟੀ (ਆਪ) ਦੇ ਵਿਧਾਨ ਸਭਾ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ (Harmeet Singh Pathanmajra) ਵਿਵਾਦਾਂ ਵਿੱਚ ਘਿਰਦੇ ਨਾਜਰ ਆ ਰਹੇ ਹਨ । ਜਾਣਕਾਰੀ ਅਨੁਸਾਰ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ (Harmeet Singh Pathanmajra) ‘ਤੇ ਚੋਣਾਂ ਦੌਰਾਨ ਅਪਰਾਧਿਕ ਮਾਮਲੇ ਦੀ ਜਾਣਕਾਰੀ ਲੁਕਾਉਣ ਦਾ ਦੋਸ਼ ਲਗਾਇਆ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਅਕਾਲੀ ਆਗੂ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਹਾਈਕੋਰਟ ਵਿੱਚ ਪਟੀਸ਼ਨ ਪਾਈ ਹੈ।ਜਿਸ ਤੋਂ ਬਾਅਦ ਹਾਈਕੋਰਟ ਨੇ ਵਿਧਾਇਕ ਹਰਮੀਤ ਸਿੰਘ ਨੂੰ 15 ਜੁਲਾਈ ਤੱਕ ਜਵਾਬ ਦੇਣ ਲਈ ਤਲਬ ਕੀਤਾ ਹੈ।
ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਹਰਮੀਤ ਸਿੰਘ ਖ਼ਿਲਾਫ਼ ਚੋਣਾਂ ਦੌਰਾਨ ਮਾਮਲੇ ਦੇ ਵੇਰਵੇ ਲੁਕਾਉਣ ਦੇ ਦੋਸ਼ ਹੇਠ ਐਫਆਈਆਰ ਦਰਜ ਕੀਤੀ ਜਾ ਚੁੱਕੀ ਹੈ। ਇਹ ਕੇਸ ਰਿਟਰਨਿੰਗ ਅਫ਼ਸਰ ਜਸਲੀਨ ਕੌਰ ਭੁੱਲਰ ਦੀ ਸ਼ਿਕਾਇਤ ’ਤੇ ਥਾਣਾ ਸਨੌਰ ਦੇ ਜੁਲਕਾ ਵਿਖੇ ਦਰਜ ਕੀਤਾ ਗਿਆ ਸੀ।
ਇਸ ਮਾਮਲੇ ਨੂੰ ਲੈ ਕੇ ਅਕਾਲੀ ਆਗੂ ਨੇ ਕਿਹਾ ਹੈ ਕਿ ਹਰਮੀਤ ਸਿੰਘ ਨੇ ਚੋਣ ਲੜਨ ਸਮੇਂ ਹਲਫ਼ਨਾਮੇ ਵਿੱਚ ਸਾਰੇ ਮਾਮਲਿਆਂ ਦੀ ਜਾਣਕਾਰੀ ਨਹੀਂ ਦਿੱਤੀ। ਅਜਿਹਾ ਹੀ ਇੱਕ ਮਾਮਲਾ ਹੈ ਜਿਸ ਵਿੱਚ ਉਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਚੋਣ ਕਮਿਸ਼ਨ ਦੇ ਨਿਯਮਾਂ ਮੁਤਾਬਕ ਚੋਣ ਲੜਨ ਵਾਲੇ ਉਮੀਦਵਾਰ ਲਈ ਆਪਣੇ ਵਿਰੁੱਧ ਦਰਜ ਕੇਸਾਂ ਅਤੇ ਉਸ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦੇਣਾ ਲਾਜ਼ਮੀ ਹੈ। ਲੋਕ ਪ੍ਰਤੀਨਿਧਤਾ ਕਾਨੂੰਨ ਤਹਿਤ ਇਸ ਨੂੰ ਲਾਜ਼ਮੀ ਕੀਤਾ ਗਿਆ ਹੈ। ਜੇਕਰ ਚੰਦੂਮਾਜਰਾ ਵੱਲੋਂ ਪਠਾਨਮਾਜਰਾ ਵਿਰੁੱਧ ਲਗਾਇਆ ਗਿਆ ਇਹ ਦੋਸ਼ ਹਾਈਕੋਰਟ ਵਿੱਚ ਸੱਚ ਸਾਬਤ ਹੋ ਜਾਂਦਾ ਹੈ ਤਾਂ ਨਿਯਮਾਂ ਅਨੁਸਾਰ ਹਰਮੀਤ ਸਿੰਘ ਦੀ ਚੋਣ ਰੱਦ ਹੋ ਸਕਦੀ ਹੈ।