ਚੰਡੀਗੜ੍ਹ 16 ਸਤੰਬਰ 2022: ਦਿੱਲੀ ਸਰਕਾਰ ਦੀ ਭ੍ਰਿਸ਼ਟਾਚਾਰ ਰੋਕੂ ਸ਼ਾਖਾ (ਏਸੀਬੀ) ਨੇ ਸ਼ੁੱਕਰਵਾਰ ਨੂੰ ‘ਆਪ’ ਵਿਧਾਇਕ ਅਮਾਨਤੁੱਲਾ ਖਾਨ ਨੂੰ ਵਕਫ ਬੋਰਡ ‘ਚ 32 ਲੋਕਾਂ ਦੀ ਗੈਰ-ਕਾਨੂੰਨੀ ਭਰਤੀ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਹੈ। ਇਸ ਤੋਂ ਪਹਿਲਾਂ ਏਸੀਬੀ ਨੇ ਉਸ ਦੇ ਘਰ ਸਮੇਤ ਪੰਜ ਤੋਂ ਵੱਧ ਥਾਵਾਂ ’ਤੇ ਛਾਪੇ ਮਾਰੇ ਸਨ।
ਸੂਤਰਾਂ ਦੇ ਮੁਤਾਬਕ ਵਿਧਾਇਕ ਦੇ ਕਾਰੋਬਾਰ ਅਤੇ ਪੈਸੇ ਦਾ ਪ੍ਰਬੰਧ ਕਰਨ ਵਾਲੇ ਹਾਮਿਦ ਅਲੀ ਖਾਨ ਅਤੇ ਕੌਸਰ ਇਮਾਮ ਸਿੱਦੀਕੀ ਉਰਫ਼ ਲਡ਼ਨ ਦੇ ਟਿਕਾਣਿਆਂ ‘ਤੇ ਵੀ ਛਾਪੇਮਾਰੀ ਕੀਤੀ ਗਈ। ਗਫੂਰ ਨਗਰ ‘ਚ ਹਾਮਿਦ ਅਲੀ ਦੇ ਛੁਪਣ ਤੋਂ 12 ਲੱਖ ਰੁਪਏ, ਨਾਜਾਇਜ਼ ਪਿਸਤੌਲ, ਵੱਡੀ ਮਾਤਰਾ ‘ਚ ਕਾਰਤੂਸ ਅਤੇ ਨੋਟ ਗਿਣਨ ਦੀ ਮਸ਼ੀਨ ਬਰਾਮਦ ਹੋਈ ਹੈ।
ਇਸ ਤੋਂ ਇਲਾਵਾ ਕਈ ਜਾਇਦਾਦਾਂ ਦੇ ਦਸਤਾਵੇਜ਼ ਵੀ ਬਰਾਮਦ ਹੋਏ ਹਨ ਅਤੇ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਿਸਦੇ ਚੱਲਦੇ ਦੇਰ ਰਾਤ ਵਿਧਾਇਕ ਅਮਾਨਤੁੱਲਾ ਖਾਨ ਨੂੰ ਏਸੀਬੀ ਅਧਿਕਾਰੀਆਂ ਨੇ ਕਰੀਬ ਅੱਠ ਘੰਟੇ ਦੀ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕਰ ਲਿਆ।