Site icon TheUnmute.com

ਨਜਾਇਜ਼ ਕਬਜ਼ਿਆਂ ਅਤੇ ਸ਼ਰਾਬ ਮਾਫ਼ੀਆ ਦੇ ਸਰਗਨਾ ਸਿੱਧੂ ਤੋਂ ਨਹੀਂ ਕੀਤੀ ਜਾ ਸਕਦੀ ਵਿਕਾਸ ਦੀ ਉਮੀਦ

kulwant singh

ਮੋਹਾਲੀ 4 ਜਨਵਰੀ 2022 :ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦਾ ਮਾਹੌਲ ਲਗਭਗ ਸ਼ੁਰੂ ਹੋ ਚੁੱਕਾ ਹੈ ਜਿਸ ਦੇ ਚਲਦਿਆਂ ਹਲਕਾ ਮੋਹਾਲੀ ਵਿੱਚ ਦੋਵੇਂ ਗੱਪੀ ਸਿੱਧੂ ਭਰਾਵਾਂ ਦੀ ਜੋਡ਼ੀ ਇੱਕ ਵਾਰ ਫਿਰ ਤੋਂ ਮੋਹਾਲੀ ਦੇ ਲੋਕਾਂ ਨੂੰ ਗੁੰਮਰਾਹ ਕਰਨ ਵਿੱਚ ਜੁਟ ਗਈ ਹੈ। ਦੋਵੇਂ ਭਰਾਵਾਂ ਵੱਲੋਂ ਸ਼ਹਿਰ ਵਿੱਚ ਜਗ੍ਹਾ-ਜਗ੍ਹਾ ਨੀਂਹ ਪੱਥਰ ਰੱਖ-ਰੱਖ ਕੇ ਲੋਕਾਂ ਨੂੰ ਇੱਕ ਵਾਰ ਫਿਰ ਤੋਂ ਬੁੱਧੂ ਬਣਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਮੋਹਾਲੀ ਤੋਂ ਉਮੀਦਵਾਰ ਅਤੇ ਨਗਰ ਨਿਗਮ ਮੋਹਾਲੀ ਦੇ ਸਾਬਕਾ ਮੇਅਰ ਸ੍ਰ. ਕੁਲਵੰਤ ਸਿੰਘ ਨੇ ਅੱਜ ਇੱਥੇ ਆਪਣੇ ਦਫ਼ਤਰ ਵਿੱਚ ਇੱਕ ਭਰ੍ਹਵੀਂ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕੀਤਾ।
ਸ੍ਰ. ਕੁਲਵੰਤ ਸਿੰਘ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਲਕਾ ਮੋਹਾਲੀ ਦੇ ਮੌਜੂਦਾ ਕਾਂਗਰਸੀ ਐਮ.ਐਲ.ਏ. ਆਪਣੇ ਪਿਛਲੇ ਪੰਜ ਸਾਲ ਵਿੱਚ ਤਾਂ ਹਲਕੇ ਵਿੱਚ ਕੋਈ ਕੰਮ ਨਹੀਂ ਕੀਤਾ ਅਤੇ ਹੁਣ ਕਾਂਗਰਸ ਸਰਕਾਰ ਦਾ ਕਾਰਜਕਾਲ ਖ਼ਤਮ ਹੋਣ ਦੇ ਅਖੀਰਲੇ ਸਮੇਂ ਵਿੱਚ ਨੀਂਹ ਪੱਥਰ ਰਖਵਾ ਕੇ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ। ਸ਼ਹਿਰ ਵਿੱਚ ਦੋ ਬੱਸ ਸਟੈਂਡ ਫੇਲ੍ਹ ਕਰਕੇ ਹੁਣ ਫਿਰ ਤੀਜੇ ਬੱਸ ਸਟੈਂਡ ਦਾ ਨੀਂਹ ਪੱਥਰ ਰੱਖ ਕੇ ਇਸ ਡਰਾਮੇਬਾਜ਼ੀ ਦਾ ਸਬੂਤ ਦਿੱਤਾ ਜਾ ਰਿਹਾ ਹੈ ਜਦਕਿ ਇਹ ਨੀਂਹ ਪੱਥਰ ਵੀ ਧਰਿਆ ਧਰਾਇਆ ਰਹਿ ਜਾਵੇਗਾ।
ਉਨ੍ਹਾਂ ਕਿਹਾ ਕਿ ਵਿਧਾਇਕ ਸਿੱਧੂ ਵੱਲੋਂ ਮੋਹਾਲੀ ਹਲਕੇ ਦੇ ਪਿੰਡਾਂ ਵਿੱਚ ਜ਼ਮੀਨਾਂ ਉਤੇ ਕੀਤੇ ਗਏ ਨਜਾਇਜ਼ ਕਬਜ਼ਿਆਂ ਦੀਆਂ ਗੱਲਾਂ ਖ਼ੁਦ ਮੀਡੀਆ ਵਿੱਚ ਨਸ਼ਰ ਹੁੰਦੀਆਂ ਰਹੀਆਂ ਹਨ। ਇਸ ਤੋਂ ਇਲਾਵਾ ਸ਼ਹਿਰ ਵਿੱਚ ਸ਼ਰਾਬ ਮਾਫ਼ੀਆ ਦੇ ਨਾਂ ਤੋਂ ਮਸ਼ਹੂਰ ਸਿੱਧੂ ਭਰਾਵਾਂ ਦੀ ਇਹ ਜੋਡ਼ੀ ਕਦੇ ਨਗਰ ਨਿਗਮ ਚੋਣਾਂ ਅਤੇ ਕਦੇ ਪੰਚਾਇਤੀ ਚੋਣਾਂ ਵਿੱਚ ਵੀ ਬੂਥ ਕੈਪਚਰਿੰਗ ਕਰਦੀ ਰਹੀ ਹੈ। ਹੋਰ ਤਾਂ ਹੋਰ ਆਪਣੇ ਭਰਾ ਜੀਤੀ ਸਿੱਧੂ ਨੂੰ ਨਗਰ ਨਿਗਮ ਮੋਹਾਲੀ ਦਾ ਮੇਅਰ ਬਣਾਉਣ ਲਈ ਵਿਧਾਇਕ ਸਿੱਧੂ ਨੇ ਬੂਥ ਕੈਪਚਰਿੰਗ ਦੇ ਹੱਦਾਂ ਬੰਨੇ ਪਾਰ ਕੀਤੇ।
ਸ੍ਰ. ਕੁਲਵੰਤ ਸਿੰਘ ਨੇ ਕਿਹਾ ਕਿ ਇਸ ਵਾਰ ਮੋਹਾਲੀ ਹਲਕੇ ਦੇ ਲੋਕ ਕਾਂਗਰਸ ਪਾਰਟੀ ਦੇ ਵਿਧਾਇਕ ਦੀਆਂ ਵਧੀਕੀਆਂ ਤੋਂ ਬੁਰੀ ਤਰ੍ਹਾਂ ਤੰਗ ਆ ਚੁੱਕੇ ਹਨ ਅਤੇ ਅਕਾਲੀਆਂ ਦਾ ਕਾਰਜਕਾਲ ਤਾਂ ਪਹਿਲਾਂ ਹੀ ਲੋਕ ਦੇਖ ਚੁੱਕੇ ਹਨ। ਇਸ ਲਈ ਇਸ ਵਾਰ ਮੋਹਾਲੀ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਗੇ। ਉਨ੍ਹਾਂ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਪਰੰਤ ਹਲਕਾ ਮੋਹਾਲੀ ਵਿੱਚ ਨਜਾਇਜ਼ ਕਬਜ਼ੇ ਛੁਡਵਾ ਕੇ ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਸਾਧਨ ਜੁਟਾਏ ਜਾਣਗੇ।
ਉਨ੍ਹਾਂ ਨੇ ਹਲਕਾ ਮੋਹਾਲੀ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਰ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ‘ਝਾਡ਼ੂ’ ਉਤੇ ਮੋਹਰ ਲਗਾ ਕੇ ਸਾਫ਼ ਸੁਥਰੀ ਸਰਕਾਰ ਲਿਆਉਣ ਵਿੱਚ ਆਪਣਾ ਯੋਗਦਾਨ ਪਾਉਣ।

Exit mobile version