Malwinder Singh Kang

‘ਆਪ’ ਦੇਸ਼ ਦੀ ਇੱਕ ਮਾਤਰ ਪਾਰਟੀ, ਜਿੱਥੇ ਭ੍ਰਿਸ਼ਟਾਚਾਰ ਅਤੇ ਭ੍ਰਿਸ਼ਟਾਚਾਰੀਆਂ ਦੀ ਕੋਈ ਥਾਂ ਨਹੀਂ: ਮਲਵਿੰਦਰ ਸਿੰਘ ਕੰਗ

ਚੰਡੀਗੜ੍ਹ 24 ਮਈ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਕੈਬਨਿਟ ਮੰਤਰੀ ਡਾ. ਵਿਜੈ ਸਿੰਗਲਾ ਨੂੰ ਰਿਸ਼ਵਤ ਲੈਣ ਦੇ ਦੋਸ਼ ਅਧੀਨ ਆਪਣੀ ਮੰਤਰੀ ਮੰਡਲ ਤੋਂ ਬਰਖਾਸਤ ਕਰ ਦਿੱਤਾ ਹੈ | ਇਸ ਦੌਰਾਨ ਮਾਨਲਵਿੰਦਰ ਕੰਗ ਨੇ ਕਿਹਾ ਕਿ ਇਸ ਤਰ੍ਹਾਂ ਦਾ ਫ਼ੈਸਲਾ ਆਮ ਆਦਮੀ ਪਾਰਟੀ (ਆਪ) ਦੀ ਇਮਾਨਦਾਰ ਰਾਜਨੀਤੀ ’ਤੇ ਮੋਹਰ ਲਾਉਂਦਾ ਹੈ। ਇਸਦੇ ਨਾਲ ਹੀ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ (Malwinder Singh Kang) ਨੇ ਕਿਹਾ ਕਿ ‘ਆਪ’ ਮੁੱਖ ਮੰਤਰੀ ਦੇ ਫ਼ੈਸਲੇ ਦਾ ਜ਼ੋਰਦਾਰ ਸਵਾਗਤ ਕਰਦੀ ਹੈ ਅਤੇ ਪੰਜਾਬ ਵਾਸੀਆਂ ਨੂੰ ਵਿਸ਼ਵਾਸ ਦਿਵਾਉਂਦੀ ਹੈ ਕਿ ਭ੍ਰਿਸ਼ਟਾਚਾਰ ਕਿਸੇ ਵੀ ਪੱਧਰ ’ਤੇ ਸਹਿਣ ਨਹੀਂ ਕੀਤਾ ਜਾਵੇਗਾ। ਭ੍ਰਿਸ਼ਟਾਚਾਰ ’ਚ ਗ੍ਰਸਤ ਕੋਈ ਵੀ ਬੰਦਾ ਭਾਵੇਂ ਕੋਈ ਵਿਧਾਇਕ ਹੋਵੇ ਜਾਂ ਮੰਤਰੀ ਹੋਵੇ ਜਾਂ ਕੋਈ ਅਧਿਕਾਰੀ ਹੋਵੇ ਬਖਸ਼ਿਆ ਨਹੀਂ ਜਾਵੇਗਾ।

ਅੱਜ ਯਾਨੀ ਮੰਗਲਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਬਿਆਨ ਜਾਰੀ ਕਰਦਿਆਂ ਮਲਵਿੰਦਰ ਸਿੰਘ ਕੰਗ ਨੇ ਕਿਹਾ, ‘‘ਪੰਜਾਬ ਵਾਸੀਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ’ਤੇ ਭ੍ਰਿਸ਼ਟਾਚਾਰ ਖ਼ਤਮ ਕਰਨ ਦੀਆਂ ਜਿਹੜੀਆਂ ਉਮੀਦਾਂ ਹਨ, ਮੁੱਖ ਮੰਤਰੀ ਇਨਾਂ ਉਮੀਦਾਂ ’ਤੇ ਖਰੇ ਉਤਰਨਗੇ। ਇਸ ਦੀ ਮਿਸਾਲ ਪੇਸ਼ ਕਰਦਿਆਂ ਮੁੱਖ ਮੰਤਰੀ ਨੇ ਆਪਣੇ ਹੀ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਨੂੰ ਪੰਜਾਬ ਕੈਬਨਿਟ ਵਿਚੋਂ ਬਾਹਰ ਕੱਢ ਦਿੱਤਾ, ਕਿਉਂਕਿ ਡਾ. ਸਿੰਗਲਾ ਨੇ ਵਿਭਾਗੀ ਟੈਂਡਰ ਜਾਰੀ ਕਰਨ ਬਦਲੇ ਇੱਕ ਫ਼ੀਸਦੀ ਕਮਿਸ਼ਨ (ਰਿਸ਼ਵਤ) ਮੰਗਿਆ ਸੀ।’’

ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨੂੰ ਕੁੱਝ ਦਿਨ ਪਹਿਲਾਂ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਖ਼ਿਲਾਫ਼ ਟੈਂਡਰ ਜਾਰੀ ਕਰਨ ਬਦਲੇ ਇੱਕ ਫ਼ੀਸਦੀ ਕਮਿਸ਼ਨ ਮੰਗਣ ਦੀ ਸ਼ਿਕਾਇਤ ਮਿਲੀ ਸੀ ਅਤੇ ਮੁੱਖ ਮੰਤਰੀ ਨੇ ਪੂਰੇ ਮਾਮਲੇ ਦੀ ਜਾਂਚ ਕਰਵਾਈ ਅਤੇ ਸਬੂਤ ਪ੍ਰਾਪਤ ਕੀਤੇ। ਉਪਰੰਤ ਮੰਤਰੀ ਸਿੰਗਲਾ ਤੋਂ ਪੁੱਛ- ਪੜਤਾਲ ਕੀਤੀ ਗਈ ਅਤੇ ਭ੍ਰਿਸ਼ਟਾਚਾਰ ਮੰਗਣ ਦੇ ਦੋਸ਼ ਸਿੱਧ ਹੋਣ ’ਤੇ ਮੁੱਖ ਮੰਤਰੀ ਨੇ ਡਾ. ਵਿਜੈ ਸਿੰਗਲਾ ਨੂੰ ਕੈਬਨਿਟ ਵਿਚੋਂ ਬਾਹਰ ਕੱਢ ਦਿੱਤਾ ਹੈ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ’ਚ ਪੁਲੀਸ ਕਾਰਵਾਈ ਦੇ ਆਦੇਸ਼ ਜਾਰੀ ਕੀਤੇ ਹਨ।

‘ਆਪ’ ਆਗੂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਭ੍ਰਿਸ਼ਟਾਚਾਰ ਅਤੇ ਭ੍ਰਿਸ਼ਟਾਚਾਰੀਆਂ ਨਾਲ ਕੋਈ ਸਮਝੌਤਾ ਨਹੀਂ ਕਰਨਗੇ, ਕਿਉਂਕਿ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਵਿਰੁੱਧ ਹੋਏ ਸੰਘਰਸ਼ ਵਿਚੋਂ ਪੈਦਾ ਹੋਈ ਹੈ। ਇਸੇ ਲਈ ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਾਲ 2015 ਵਿੱਚ ਆਪਣੇ ਇੱਕ ਮੰਤਰੀ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਅਧੀਨ ਦਿੱਲੀ ਕੈਬਨਿਟ ਵਿਚੋਂ ਬਾਹਰ ਕੀਤਾ ਸੀ। ਬਹੁਤ ਸਪੱਸ਼ਟ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਾਜਨੀਤੀ ਇਮਾਨਦਾਰੀ ’ਤੇ ਆਧਾਰਿਤ ਹੈ।

ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇਸ਼ ਦੀ ਇੱਕ ਮਾਤਰ ਪਾਰਟੀ ਹੈ, ਜਿੱਥੇ ਭ੍ਰਿਸ਼ਟਾਚਾਰ ਅਤੇ ਭ੍ਰਿਸ਼ਟਾਚਾਰੀਆਂ ਦੀ ਕੋਈ ਥਾਂ ਨਹੀਂ। ਪੰਜਾਬ ਦੇ ਲੋਕ ਵੀ ਭ੍ਰਿਸ਼ਟਾਚਾਰ ਮੁਕਤ ਇਮਾਨਦਾਰੀ ਵਾਲੀ ਰਾਜਨੀਤੀ ਚਾਹੁੰਦੇ ਸਨ, ਨਾ ਕਿ ਦੂਜੀਆਂ ਪਾਰਟੀਆਂ ਦੀਆਂ ਬਈਮਾਨੀ ਵਾਲੀ ਰਾਜਨੀਤੀ।

Scroll to Top