Site icon TheUnmute.com

ਜਲੰਧਰ ਸਮਾਰਟ ਸਿਟੀ ਭ੍ਰਿਸ਼ਟਾਚਾਰ ਘਪਲੇ ‘ਤੇ ‘ਆਪ’ ਸਰਕਾਰ ਨੇ ਚਲਾਕੀ ਨਾਲ ਪਰਦਾ ਪਾਇਆ: ਜੈਵੀਰ ਸ਼ੇਰਗਿੱਲ

Shergill

ਜਲੰਧਰ, 4 ਜਨਵਰੀ 2024: ਭਾਜਪਾ ਦੇ ਕੌਮੀ ਬੁਲਾਰੇ ਜੈਵੀਰ ਸ਼ੇਰਗਿੱਲ (Jaiveer Shergill) ਨੇ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਹੈ ਕਿ ਉਹ ਸਮਾਰਟ ਸਿਟੀ ਪ੍ਰਾਜੈਕਟ ਲਈ ਜਲੰਧਰ ਨਗਰ ਨਿਗਮ ਨੂੰ ਭੇਜੇ ਕੇਂਦਰੀ ਫੰਡਾਂ ਦੀ ਦੁਰਵਰਤੋਂ ਦੀ ਸੀਬੀਆਈ ਜਾਂਚ ਦੇ ਹੁਕਮ ਦੇਣ। ਇੱਥੇ ਜਾਰੀ ਇੱਕ ਬਿਆਨ ਵਿੱਚ ਸ਼ੇਰਗਿੱਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਰਾਹੀਂ ਜਲੰਧਰ ਨਗਰ ਨਿਗਮ ਨੂੰ 1000 ਕਰੋੜ ਰੁਪਏ ਦੀ ਵੱਡੀ ਗਰਾਂਟ ਭੇਜੀ ਗਈ ਸੀ, ਪਰ ਨਗਰ ਨਿਗਮ ਦੇ ਕੁਝ ਅਧਿਕਾਰੀਆਂ, ਠੇਕੇਦਾਰਾਂ ਅਤੇ ਸਿਆਸਤਦਾਨਾਂ ਦੀ ਮਿਲੀਭੁਗਤ ਕਾਰਨ ਇਸ ਫੰਡ ਵੱਡੇ ਪੱਧਰ ’ਤੇ ਗਬਨ ਹੋਇਆ ਹੈ। ਉਨ੍ਹਾਂ ਕਿਹਾ ਕਿ ਸੀਬੀਆਈ ਦੀ ਜਾਂਚ ਹੀ ਇਸ ਵੱਡੇ ਭ੍ਰਿਸ਼ਟਾਚਾਰ ਘੁਟਾਲੇ ਵਿੱਚ ਸ਼ਾਮਲ ਦੋਸ਼ੀਆਂ ਨੂੰ ਸਜ਼ਾ ਦਿਵਾ ਸਕਦੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ, ਸ਼ੇਰਗਿੱਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਸ਼ਹਿਰ ਨੂੰ ਕੂੜੇ ਦੀ ਸਮੱਸਿਆ ਨੂੰ ਸਥਾਈ ਤੌਰ ‘ਤੇ ਹੱਲ ਕਰਨ ਦੇ ਨਾਲ-ਨਾਲ ਸਾਫ਼ ਪਾਣੀ, ਸ਼ਾਨਦਾਰ ਸੜਕਾਂ, ਚੰਗੀਆਂ ਸਟਰੀਟ ਲਾਈਟਾਂ ਅਤੇ ਵਧੀਆ ਸੀਵਰੇਜ ਸਿਸਟਮ ਸਮੇਤ ਬੇਹਤਰੀਨ ਨਾਗਰਿਕ ਸੁਵਿਧਾਵਾਂ ਪ੍ਰਦਾਨ ਕਰਨ ਦਾ ਟੀਚਾ ਰੱਖਿਆ ਗਿਆ ਹੈ ਅਤੇ ਇਸ ਲਈ ਜਲੰਧਰ ਨਗਰ ਨਿਗਮ ਨੂੰ 1000 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਗਈ ਸੀ। ਪਰ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਮਿਲੀਭੁਗਤ ਨਾਲ ਠੇਕੇਦਾਰਾਂ ਨੇ ਸਮਾਰਟ ਸਿਟੀ ਪ੍ਰਾਜੈਕਟ ਵਿੱਚ ਵਧੀਆ ਕੁਆਲਿਟੀ ਦਾ ਮਟੀਰੀਅਲ ਵਰਤਣ ਦਾ ਭਰੋਸਾ ਦੇ ਕੇ ਵੱਧ ਰੇਟਾਂ ’ਤੇ ਟੈਂਡਰ ਪੇਸ਼ ਕੀਤੇ।

ਜਦੋਂ ਕਿ ਟੈਂਡਰ ਹੋਣ ਤੋਂ ਬਾਅਦ ਠੇਕੇਦਾਰਾਂ ਨੇ ਇਨ੍ਹਾਂ ਪ੍ਰਾਜੈਕਟਾਂ ਵਿੱਚ ਬਹੁਤ ਹੀ ਘਟੀਆ ਕੁਆਲਿਟੀ ਦਾ ਮਟੀਰੀਅਲ ਵਰਤਿਆ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਸਿਆਸਤਦਾਨਾਂ ਦੀ ਮਿਲੀਭੁਗਤ ਨਾਲ ਨਾਜਾਇਜ਼ ਢੰਗ ਨਾਲ ਮੋਟੀ ਕਮਾਈ ਕੀਤੀ। ਇਹ ਕੇਂਦਰ ਸਰਕਾਰ ਦੇ ਫੰਡਾਂ ਦੇ ਗਬਨ ਦਾ ਸਪੱਸ਼ਟ ਮਾਮਲਾ ਹੈ। ਇਸ ਤੋਂ ਇਲਾਵਾ, ਇਸ ਪ੍ਰਾਜੈਕਟ ਦੇ ਸਾਰੇ ਟੈਂਡਰ ਸਿਆਸਤਦਾਨਾਂ ਵੱਲੋਂ ਨਗਰ ਨਿਗਮ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਆਪਣੇ ਚਹੇਤੇ ਠੇਕੇਦਾਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਦੇ ਨਾਂ ’ਤੇ ਕੰਪਨੀਆਂ ਬਣਾ ਕੇ ਦਿੱਤੇ ਗਏ, ਜੋ ਸਪੱਸ਼ਟ ਤੌਰ ’ਤੇ ਵੱਡੇ ਘਪਲੇ ਵੱਲ ਇਸ਼ਾਰਾ ਕਰਦਾ ਹੈ।

ਭਾਜਪਾ ਬੁਲਾਰੇ (Jaiveer Shergill) ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਆਪ ਸਰਕਾਰ ਦੇ ਆਗੂ ਲਗਾਤਾਰ ਇਹ ਗੱਲ ਦੁਹਰਾਉਂਦੇ ਰਹਿੰਦੇ ਹਨ ਕਿ ਉਹ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਏਗੀ ਅਤੇ ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਦੇ ਆਗੂਆਂ ਵੱਲੋਂ ਕੀਤੇ ਭ੍ਰਿਸ਼ਟਾਚਾਰ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪਰ ਜਲੰਧਰ ਸਮਾਰਟ ਸਿਟੀ ਪ੍ਰੋਜੈਕਟ ਫੰਡ ਭ੍ਰਿਸ਼ਟਾਚਾਰ ਘੁਟਾਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਕੁਝ ਨਹੀਂ ਕੀਤਾ ਗਿਆ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਇਹ ਬਿਲਕੁੱਲ ਸਪੱਸ਼ਟ ਹੈ ਕਿ ਕਾਂਗਰਸੀ ਅਤੇ ਆਪ ਆਗੂ, ਜਲੰਧਰ ਨਗਰ ਨਿਗਮ ਦੇ ਅਧਿਕਾਰੀ, ਠੇਕੇਦਾਰ ਅਤੇ ਕੁਝ ਸੇਵਾਮੁਕਤ ਸਿਵਲ ਅਧਿਕਾਰੀ, ਜਿਨ੍ਹਾਂ ਨੂੰ ਸਮਾਰਟ ਸਿਟੀ ਪ੍ਰਾਜੈਕਟ ਲਈ ਗੈਰ-ਕਾਨੂੰਨੀ ਤੌਰ ‘ਤੇ ਨਿਯੁਕਤ ਕੀਤਾ ਗਿਆ, ਇਸ ਪੂਰੇ ਘਪਲੇ ‘ਚ ਸ਼ਾਮਲ ਹਨ।

ਇਸ ਦੌਰਾਨ ਭਾਜਪਾ ਆਗੂ ਨੇ ਆਪਣੇ ਦਾਅਵੇ ਨੂੰ ਜ਼ੋਰਦਾਰ ਢੰਗ ਨਾਲ ਪੇਸ਼ ਕਰਦਿਆਂ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਦੇ ਵਿਜੀਲੈਂਸ ਵਿਭਾਗ ਨੇ ਪਿਛਲੇ ਦੋ ਸਾਲਾਂ ਦੌਰਾਨ ਜਲੰਧਰ ਨਗਰ ਨਿਗਮ ਦੇ ਵੱਖ-ਵੱਖ ਪ੍ਰਾਜੈਕਟਾਂ ਦੀਆਂ 64 ਦੇ ਕਰੀਬ ਫਾਈਲਾਂ ਜ਼ਬਤ ਕੀਤੀਆਂ ਹਨ, ਪਰ ਜਲੰਧਰ ਸਮਾਰਟ ਸਿਟੀ ਪ੍ਰਾਜੈਕਟ ਮੈਗਾ ਭ੍ਰਿਸ਼ਟਾਚਾਰ ਦੇ ਘੁਟਾਲੇ ਵਿਚ ਕਿਸੇ ਵੀ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਸਬੰਧਤ ਕਾਨੂੰਨ ਤਹਿਤ ਕੋਈ ਕੇਸ ਦਰਜ ਕੀਤਾ ਗਿਆ ਹੈ, ਜਿਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਇਸ ਵੱਡੇ ਭ੍ਰਿਸ਼ਟਾਚਾਰ ਘੁਟਾਲੇ ਦੇ ਮੁਲਜ਼ਮਾਂ ਅਤੇ ਆਪ ਸਰਕਾਰ ਦੀ ਆਪਸੀ ਸਾਂਝ ਹੈ।

ਸ਼ੇਰਗਿੱਲ (Jaiveer Shergill) ਨੇ ਇਹ ਵੀ ਕਿਹਾ ਕਿ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਜਲੰਧਰ ਦੇ ਵਸਨੀਕ ਹਨ ਅਤੇ ਭ੍ਰਿਸ਼ਟਾਚਾਰ ਵਿਰੁੱਧ ਵੱਡੇ-ਵੱਡੇ ਦਾਅਵੇ ਕਰਦੇ ਸਨ, ਪਰ ਹੁਣ ਉਹ ਇੰਨੇ ਵੱਡੇ ਮੁੱਦੇ ‘ਤੇ ਪੂਰੀ ਤਰ੍ਹਾਂ ਚੁੱਪ ਹਨ। ਸ਼ੇਰਗਿੱਲ ਨੇ ਕਿਹਾ ਕਿ ਖਾਸ ਤੌਰ ‘ਤੇ ਪਿਛਲੀ ਕਾਂਗਰਸ ਸਰਕਾਰ ਅਤੇ ਮੌਜੂਦਾ ਆਪ ਸਰਕਾਰ ਨੂੰ ਜਲੰਧਰ ਨਗਰ ਨਿਗਮ ‘ਚ ਫੈਲੇ ਭ੍ਰਿਸ਼ਟਾਚਾਰ ਤੋਂ ਜਾਣੂ ਕਰਵਾਉਣ ਲਈ ਮੀਡੀਆ ਨੇ ਵੀ ਸਮੇਂ-ਸਮੇਂ ‘ਤੇ ਇਸ ਮੁੱਦੇ ਨੂੰ ਉਭਾਰਿਆ ਹੈ ਪਰ ਕੋਈ ਫਾਇਦਾ ਨਹੀਂ ਹੋਇਆ। ਇਹ ਮੁੱਦਾ ਜਲੰਧਰ ਨਗਰ ਨਿਗਮ ਹਾਊਸ ਵਿੱਚ ਵੀ ਉਠਾਇਆ ਗਿਆ ਸੀ।

ਇਨ੍ਹਾਂ ਹਾਲਾਤਾਂ ਦੇ ਮੱਦੇਨਜ਼ਰ ਉਹ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਨ ਕਿ ਉਹ ਇਸ ਵੱਡੇ ਭ੍ਰਿਸ਼ਟਾਚਾਰ ਘੁਟਾਲੇ ਦੀ ਸੀ.ਬੀ.ਆਈ ਜਾਂਚ ਦੇ ਹੁਕਮ ਦੇਣ, ਤਾਂ ਜੋ ਦੋਸ਼ੀਆਂ ਨੂੰ ਸਜ਼ਾਵਾਂ ਮਿਲ ਸਕਣ ਅਤੇ ਕੇਂਦਰੀ ਫੰਡਾਂ ਦਾ ਇੱਕ-ਇੱਕ ਪੈਸਾ ਭ੍ਰਿਸ਼ਟਾਚਾਰ ਮੁਕਤ ਸਥਾਈ ਵਿਕਾਸ ਲਈ ਵਰਤਿਆ ਜਾ ਸਕੇ।

 

 

Exit mobile version