July 7, 2024 6:39 pm
Booster doses

‘ਆਪ’ ਸਰਕਾਰ ਨੇ 9 ਮਹੀਨੇ ਦੇ ਕਾਰਜਕਾਲ ਦੌਰਾਨ ਸਿਹਤ ਖੇਤਰ ‘ਚ ਕੀਤੀਆਂ ਵੱਡੀਆਂ ਪ੍ਰਾਪਤੀਆਂ: ਚੇਤਨ ਸਿੰਘ ਜੌੜਾਮਾਜਰਾ

ਚੰਡੀਗੜ੍ਹ 26 ਦਸੰਬਰ 2022: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਆਪਣੇ ਮੌਜੂਦਾ ਕਾਰਜਕਾਲ ਦੇ ਸਿਰਫ਼ ਨੌਂ ਮਹੀਨਿਆਂ ਵਿੱਚ ਹੀ ਸੂਬੇ ਦੇ ਸਰਕਾਰੀ ਸਿਹਤ ਖੇਤਰ ਦੀ ਦਿੱਖ ਸੁਧਾਰ ਕੇ ਰੱਖ ਦਿੱਤੀ ਹੈ। ਆਮ ਆਦਮੀ ਪਾਰਟੀ (ਆਪ) ਸਰਕਾਰ ਦੀਆਂ ਮੁੱਖ ਤਰਜੀਹਾਂ ਵਿੱਚ ਸਰਕਾਰੀ ਸਿਹਤ ਢਾਂਚੇ ਦੀ ਮਜ਼ਬੂਤੀ ਅਤੇ ਆਮ ਲੋਕਾਂ ਲਈ ਸੇਵਾਵਾਂ ਨੂੰ ਬਿਹਤਰ ਬਣਾਉਣਾ ਸ਼ਾਮਲ ਹੈ ਅਤੇ ਚੋਣ ਮੈਨੀਫੈਸਟੋ ਵਿੱਚ ਕੀਤੇ ਗਏ ਸਿਹਤ ਖੇਤਰ ਨਾਲ ਸਬੰਧਤ ਹਰ ਵਾਅਦੇ ਨੂੰ ਪਾਰਟੀ ਪੂਰੀ ਮੁਸ਼ੱਕਤ ਨਾਲ ਪੂਰਾ ਕਰ ਰਹੀ ਹੈ।

ਪੰਜਾਬ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ 100 ਤੋਂ ਵੱਧ ਆਮ ਆਦਮੀ ਕਲੀਨਿਕਾਂ (ਮੁਹੱਲਾ ਕਲੀਨਿਕਾਂ) ਦਾ ਉਦਘਾਟਨ ਕੀਤਾ ਗਿਆ ਅਤੇ ਇਹ ਆਜ਼ਾਦੀ ਤੋਂ ਬਾਅਦ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸਿਆਸੀ ਪਾਰਟੀ ਨੇ ਸੂਬੇ ਭਰ ਵਿੱਚ ਸਿਹਤ ਸੇਵਾਵਾਂ ‘ਤੇ ਇੰਨਾ ਜ਼ੋਰ ਦਿੱਤਾ ਹੈ। ਉਮੀਦ ਹੈ ਕਿ 26 ਜਨਵਰੀ ਤੋਂ ਅਜਿਹੇ 500 ਹੋਰ ਕਲੀਨਿਕ ਕਾਰਜਸ਼ੀਲ ਹੋਣਗੇ।

ਆਮ ਆਦਮੀ ਕਲੀਨਿਕਾਂ ਵਿੱਚ ਕ੍ਰਮਵਾਰ 630035 ਮਰੀਜ਼ਾਂ ਦਾ ਇਲਾਜ ਕੀਤਾ

ਸੂਬੇ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਸਿਹਤ ਖੇਤਰ ਵਿੱਚ ਕ੍ਰਾਂਤੀਕਾਰੀ ਤਬਦੀਲੀ ਲਿਆਉਣਾ ਮਾਨ ਸਰਕਾਰ ਦਾ ਮੁੱਖ ਉਦੇਸ਼ ਹੈ ਅਤੇ ਅਸੀਂ ਇਸ ਦੇ ਸੁਧਾਰ ਲਈ ਨਿਰਸਵਾਰਥ ਯਤਨ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਲੋਕ ਆਮ ਆਦਮੀ ਕਲੀਨਿਕਾਂ ਦਾ ਲਾਭ ਉਠਾ ਰਹੇ ਹਨ ਅਤੇ ਆਮ ਆਦਮੀ ਕਲੀਨਿਕਾਂ ਦੇ ਅੰਕੜਿਆਂ ਵਿੱਚ ਇਹ ਸਪੱਸ਼ਟ ਤੌਰ ‘ਤੇ ਦੇਖਿਆ ਗਿਆ ਹੈ ਕਿ ਪਹਿਲੇ ਤਿੰਨ ਮਹੀਨਿਆਂ ਵਿੱਚ ਹੀ ਆਮ ਆਦਮੀ ਕਲੀਨਿਕਾਂ ਵਿੱਚ ਕ੍ਰਮਵਾਰ 630035 ਮਰੀਜ਼ਾਂ ਦਾ ਇਲਾਜ ਕੀਤਾ ਗਿਆ ਅਤੇ 81909 ਲੈਬ ਟੈਸਟ ਕੀਤੇ ਗਏ।

ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੇ ਪੰਜਾਬ ਵਿੱਚ ਵਿੱਚ ਆਮ ਆਦਮੀ ਕਲੀਨਿਕ ਅਤੇ ਹੋਰ ਸਿਹਤ ਸੰਸਥਾਵਾਂ ਨੂੰ 124 ਕਰੋੜ ਰੁਪਏ ਦੀਆਂ ਦਵਾਈਆਂ ਅਤੇ ਹੋਰ ਵਸਤਾਂ ਸਪਲਾਈ ਕੀਤੀਆਂ ਹਨ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੀ ਸਾਡੇ ਯਤਨਾਂ ਤੋਂ ਚੰਗੀ ਤਰ੍ਹਾਂ ਜਾਣੂ ਹੈ ਅਤੇ ਇਹੀ ਕਾਰਨ ਹੈ ਕਿ ਸਿਹਤ ਖੇਤਰ ਵਿੱਚ ਸਾਡੇ ਯਤਨਾਂ ਨੂੰ ਕਈ ਮੌਕਿਆਂ ‘ਤੇ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ 34 ਸਮਰਪਿਤ ਜੱਚਾ ਅਤੇ ਬੱਚਾ ਹਸਪਤਾਲ ਕਾਰਜਸ਼ੀਲ ਹਨ ਅਤੇ ਸੂਬਾ ਮਾਵਾਂ ਦੀ ਮੌਤ ਦਰ ਨੂੰ 13.93 ਪ੍ਰਤੀਸ਼ਤ ਤੱਕ ਘਟਾਉਣ ਵਿੱਚ ਸਫਲ ਰਿਹਾ ਹੈ।

ਜੌੜਾਮਾਜਰਾ ਨੇ ਕਿਹਾ ਕਿ ਸਰਕਾਰ ਨੇ ਹੈਪੇਟਾਈਟਸ ਬੀ ਅਤੇ ਸੀ ਦੇ ਫੈਲਾਅ ਨੂੰ ਰੋਕਣ ‘ਤੇ ਵਿਸ਼ੇਸ਼ ਧਿਆਨ ਦਿੱਤਾ ਹੈ ਅਤੇ ਮਰੀਜ਼ਾਂ ਦੀ ਸਕਰੀਨਿੰਗ ਅਤੇ ਉਨ੍ਹਾਂ ਦੇ ਸਮੇਂ ਸਿਰ ਇਲਾਜ ‘ਤੇ ਵਧੇਰੇ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਹੈਪੇਟਾਈਟਸ ਵਿਰੁੱਧ ਕੋਈ ਖਾਸ ਧਿਆਨ ਨਹੀਂ ਦਿੱਤਾ ਗਿਆ ਸੀ ਅਤੇ ਸਕਰੀਨਿੰਗ ਅਤੇ ਇਲਾਜ ਬਹੁਤ ਘੱਟ ਸੀ ਪਰ ਸਾਡੀ ਸਰਕਾਰ ਨੇ 3 ਲੱਖ ਤੋਂ ਵੱਧ ਸ਼ੱਕੀ ਵਿਅਕਤੀਆਂ ਦੀ ਸਕਰੀਨਿੰਗ ਕੀਤੀ ਹੈ ਅਤੇ 247680 ਗਰਭਵਤੀ ਔਰਤਾਂ ਦੇ ਹੈਪੇਟਾਈਟਸ ਬੀ ਅਤੇ ਸੀ ਦੇ ਮੁਫ਼ਤ ਟੈਸਟ ਕੀਤੇ ਗਏ ਹਨ।

ਬੱਚਿਆਂ ਦੇ ਦਿਲ ਦੇ ਮੁਫ਼ਤ ਆਪ੍ਰੇਸ਼ਨ

ਜੌੜਾਮਾਜਰਾ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਰਾਸ਼ਟਰੀ ਬਾਲ ਸਿਹਤ ਕਾਰਜਕ੍ਰਮ (ਆਰ.ਬੀ.ਐਸ.ਕੇ.) ਨੂੰ ਬਿਹਤਰ ਤਰੀਕੇ ਨਾਲ ਚਲਾ ਰਹੀ ਹੈ ਅਤੇ ਸੂਬੇ ਭਰ ਦੇ ਸਰਕਾਰੀ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ਦੇ 22585 ਬੱਚਿਆਂ ਨੂੰ ਮੁਫ਼ਤ ਇਲਾਜ ਮੁਹੱਈਆ ਕਰਵਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਵੱਕਾਰੀ ਸਰਕਾਰੀ ਅਤੇ ਨਿੱਜੀ ਸੂਚੀਬੱਧ ਸਿਹਤ ਸਹੂਲਤਾਂ ਵਿੱਚ 224 ਬੱਚਿਆਂ ਦੇ ਦਿਲ ਦੇ ਮੁਫ਼ਤ ਆਪ੍ਰੇਸ਼ਨ ਕਰਵਾਏ ਹਨ।

ਉਨ੍ਹਾਂ ਦੱਸਿਆ ਕਿ ਸਰਕਾਰ ਨੇ ਚੰਡੀਗੜ੍ਹ ਨੇੜੇ ਮੁੱਲਾਂਪੁਰ ਵਿਖੇ 300 ਬੈਡਾਂ ਵਾਲੇ ਕੈਂਸਰ ਹਸਪਤਾਲ ਦਾ ਉਦਘਾਟਨ ਵੀ ਕੀਤਾ ਹੈ ਅਤੇ 16.25 ਕਰੋੜ ਰੁਪਏ ਦੀ ਲਾਗਤ ਨਾਲ ਸੂਬੇ ਦੇ 1555 ਕੈਂਸਰ ਦੇ ਮਰੀਜ਼ਾਂ ਨੂੰ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਹੈ।

ਜੌੜਾਮਾਜਰਾ ਨੇ ਕਿਹਾ ਕਿ ਪੰਜਾਬ ਵਿੱਚ ਮੋਤੀਆਬਿੰਦ ਦੀ ਸਮੱਸਿਆ ਇੱਕ ਆਮ ਬਿਮਾਰੀ ਬਣ ਗਈ ਹੈ ਪਰ ਅਸੀਂ ਇਸ ਨੂੰ ਖਤਮ ਕਰਨ ਲਈ ਵਚਨਬੱਧ ਹਾਂ। ਮੋਤੀਆਬਿੰਦ ਨਾਲ ਪੀੜਤ 126010 ਮਰੀਜ਼ਾਂ ਦੇ ਆਪਰੇਸ਼ਨ ਕੀਤੇ ਗਏ ਅਤੇ ਕੇਰਾਟੋਪਲਾਸਟੀ ਸਰਜਰੀ ਰਾਹੀਂ 512 ਮਰੀਜ਼ ਮੁੜ ਦੇਖਣ ਯੋਗ ਹੋ ਸਕੇ। ਅਸੀਂ ਮੋਤੀਆਬਿੰਦ ਅਤੇ ਅੰਨ੍ਹੇਪਣ ਵਿਰੁੱਧ ਰਾਸ਼ਟਰੀ ਪ੍ਰੋਗਰਾਮ ਨੂੰ ਬਿਹਤਰ ਢੰਗ ਨਾਲ ਚਲਾ ਰਹੇ ਹਾਂ।

ਉਨ੍ਹਾਂ ਕਿਹਾ ਕਿ ਸਰਕਾਰ ਨੇ ਗੁਰਦੇ ਦੀਆਂ ਪੁਰਾਣੀਆਂ ਸਮੱਸਿਆਵਾਂ ਵਾਲੇ ਮਰੀਜ਼ਾਂ ‘ਤੇ ਵੀ ਧਿਆਨ ਕੇਂਦਰਿਤ ਕੀਤਾ ਹੈ ਅਤੇ ਉਨ੍ਹਾਂ ਲਈ ਵੱਖ-ਵੱਖ ਸਰਕਾਰੀ ਸਿਹਤ ਸਹੂਲਤਾਂ ਵਿੱਚ 33 ਡਾਇਲਸਿਸ ਯੂਨਿਟ ਸਥਾਪਿਤ ਕੀਤੇ ਹਨ। 20525 ਤੋਂ ਵੱਧ ਮਰੀਜ਼ਾਂ ਨੇ ਸਰਕਾਰੀ ਡਾਇਲਸਿਸ ਯੂਨਿਟਾਂ ਵਿੱਚ ਮੁਫ਼ਤ ਇਲਾਜ ਦਾ ਲਾਭ ਲਿਆ।

ਨਸ਼ਾ ਛੁਡਾਊ ਕੇਂਦਰਾਂ ਨੂੰ 58 ਕਰੋੜ ਰੁਪਏ ਦੀਆਂ ਦਵਾਈਆਂ ਮੁਹੱਈਆ ਕਰਵਾਈਆਂ

ਜੌੜਾਮਾਜਰਾ ਨੇ ਕਿਹਾ ਕਿ ਅਸੀਂ ਨਸ਼ਾ ਛੁਡਾਊ ਕੇਂਦਰਾਂ ਨੂੰ 58 ਕਰੋੜ ਰੁਪਏ ਦੀਆਂ ਦਵਾਈਆਂ ਮੁਹੱਈਆ ਕਰਵਾਈਆਂ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਦੇ ਕਾਰਜਕਾਲ ਦੀ ਇੱਕ ਹੋਰ ਪ੍ਰਾਪਤੀ 21 ਸੀਟੀ ਸਕੈਨ ਅਤੇ 6 ਐਮਆਰਆਈ ਸਕੈਨ ਸੈਂਟਰਾਂ ਦੀ ਸ਼ੁਰੂਆਤ ਕਰਨਾ ਵੀ ਹੈ। ਸਾਰੇ 23 ਜ਼ਿਲ੍ਹਾ ਹਸਪਤਾਲਾਂ ਅਤੇ ਤਿੰਨ ਮੈਡੀਕਲ ਕਾਲਜਾਂ ਵਿੱਚ ਬ੍ਰੇਨ ਸਟ੍ਰੋਕ ਦੇ ਮਰੀਜ਼ਾਂ ਇਲਾਜ ਲਈ ਸਟ੍ਰੋਕ ਰੈਡੀ ਯੂਨਿਟ ਚਾਲੂ ਕੀਤੇ ਗਏ ਹਨ ਜੋ 24 ਘੰਟੇ ਕਾਰਜਸ਼ੀਲ ਹਨ, ਜਿੱਥੇ ਬ੍ਰੇਨ ਸਟ੍ਰੋਕ ਵਾਲੇ ਮਰੀਜ਼ ਦਾ ਤੁਰੰਤ ਇਲਾਜ ਕੀਤਾ ਜਾਵੇਗਾ। ਅਜਿਹੇ ਮਰੀਜ਼ ਦਾ ਮੁਫ਼ਤ ਸੀਟੀ ਸਕੈਨ ਕਰਨ ਦੇ ਨਾਲ ਨਾਲ 30000 ਰੁਪਏ ਦੀ ਕੀਮਤ ਦਾ ਜੀਵਨ ਰੱਖਿਅਕ ਟੀਕਾ ਵੀ ਮੁਫ਼ਤ ਲਗਾਇਆ ਜਾਵੇਗਾ।

ਜੌੜਾਮਾਜਰਾ ਨੇ ਕਿਹਾ ਕਿ ਅਸੀਂ ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ ਨੂੰ ਵੀ ਪੁਨਰ-ਸੁਰਜੀਤ ਕੀਤਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ, ਡਿਪਟੀ ਮਾਸ ਮੀਡੀਆ ਅਫ਼ਸਰ ਅਤੇ ਬਲਾਕ ਐਕਸਟੈਂਸ਼ਨ ਐਜੂਕੇਟਰਾਂ ਸਮੇਤ ਮਾਸ ਮੀਡੀਆ ਵਿੰਗ ਦੇ ਅਧਿਕਾਰੀਆਂ ਨੂੰ ਜ਼ਮੀਨੀ ਪੱਧਰ ‘ਤੇ ਜਾਗਰੂਕਤਾ ਪੈਦਾ ਕਰਨ ਲਈ ਕਿਹਾ ਹੈ ਤਾਂ ਜੋ ਅਸੀਂ ਲੋਕਾਂ ਨੂੰ ਵੱਖ-ਵੱਖ ਬਿਮਾਰੀਆਂ ਤੋਂ ਬਚਾਅ ਦੇ ਉਪਾਵਾਂ ਬਾਰੇ ਜਾਗਰੂਕ ਕਰ ਸਕੀਏ। ਸ੍ਰੀ ਜੌੜਾਮਾਜਰਾ ਨੇ ਅੱਗੇ ਕਿਹਾ ਕਿ ਵਿੰਗ ਨੂੰ ਆਧੁਨਿਕ ਉਪਕਰਨ ਮੁਹੱਈਆ ਕਰਾਵਾਏ ਜਾਣਗੇ ਤਾਂ ਜੋ ਉਹ ਸੂਬੇ ਭਰ ਵਿੱਚ ਜਾਗਰੂਕਤਾ ਮੁਹਿੰਮ ਸ਼ੁਰੂ ਕਰ ਸਕਣ।