ਚੰਡੀਗੜ੍ਹ 23 ਜੂਨ 2022: ਪੰਜਾਬ ਦੀ ਆਮ ਆਦਮੀ ਪਾਰਟੀ ਇੱਕ ਵਾਰ ਫਿਰ ਤੋਂ ਆਪਣੀ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪੰਜਾਬ ਦੀ ਆਮ ਆਦਮੀ ਪਾਰਟੀ ਨੇ ਸੋਸ਼ਲ ਮੀਡੀਆ ਪੇਜ ‘ਤੇ ਇੱਕ ਪੋਸਟ ਪਾਈ ਸੀ ਜਿਸ ਵਿੱਚ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੂੰ ਭ੍ਰਿਸ਼ਟ ਕਿਹਾ ਗਿਆ ਹੈ। ਇਸ ਪੋਸਟ ਨੂੰ ਕੁਝ ਮਿੰਟ ਬਾਅਦ ਹੀ ਹਟਾ ਦਿੱਤਾ ਗਿਆ ਸੀ ਪਰ ਉਦੋਂ ਤੱਕ ਇਸ ਦੇ ਸਕਰੀਨਸ਼ਾਟ ਲਏ ਜਾ ਚੁੱਕੇ ਸਨ। ਇਸ ਦਾ ਪਤਾ ਲੱਗਣ ‘ਤੇ ਲਾਲਪੁਰਾ ਨੇ ‘ਆਪ’ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਹੈ। ਉਨ੍ਹਾਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਜਨਤਕ ਮੁਆਫ਼ੀ ਮੰਗਣ ਲਈ ਵੀ ਕਿਹਾ ਹੈ।
ਜਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟਰ ਜਾਰੀ ਕੀਤਾ ਸੀ। ਇਸ ਵਿੱਚ ਭਗਵੰਤ ਮਾਨ ਦੀ ਵੱਡੀ ਤਸਵੀਰ ਦੇ ਨਾਲ ‘ਮਾਨ ਸਰਕਾਰ ‘ਚ ਫੜੇ ਜਾਣਗੇ ਸਾਰੇ ਭ੍ਰਿਸ਼ਟਾਚਾਰੀ’ ਸਿਰਲੇਖ ਲਿਖ ਕੇ ਪਿਛਲੇ ਦਿਨੀਂ ਜੰਗਲਾਤ ਵਿਭਾਗ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਫੜੇ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ, ਇਸੇ ਕੇਸ ਵਿੱਚ ਨਾਮਜ਼ਦ ਸੰਗਤ ਸਿੰਘ ਗਿਲਜੀਆਂ ਅਤੇ ਨਾਜਾਇਜ਼ ਮਾਈਨਿੰਗ ਵਿੱਚ ਗ੍ਰਿਫ਼ਤਾਰ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰਪਾਲ ਭੋਆ ਦੀ ਤਸਵੀਰ ਦੇ ਨਾਲ ਲਾਲਪੁਰਾ ਦੀ ਤਸਵੀਰ ਨੂੰ ਚੌਥੇ ਨੰਬਰ ’ਤੇ ਰੱਖਿਆ ਗਿਆ ਸੀ।
ਆਮ ਆਦਮੀ ਪਾਰਟੀ ਦੀ ਇਸ ਹਰਕਤ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੀ ਕਾਨੂੰਨੀ ਟੀਮ ਨੇ ਆਮ ਆਦਮੀ ਪਾਰਟੀ ਕਾਨੂੰਨੀ ਨੋਟਿਸ ਭੇਜਿਆ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਇਹ ਅਫਵਾਹ ਜਾਣਬੁੱਝ ਕੇ ਗਲਤ ਮਕਸਦ ਨਾਲ ਫੈਲਾਈ ਗਈ ਸੀ।ਇਸਦੇ ਨਾਲ ਨੋਟਿਸ ਵਿੱਚ ਕਿਹਾ ਗਿਆ ਕਿ ਇਕਬਾਲ ਸਿੰਘ ਲਾਲਪੁਰਾ ਆਈਪੀਐਸ ਨੇ ਆਈਪੀਐਸ ਅਧਿਕਾਰੀ ਰਹਿੰਦਿਆਂ ਕਈ ਵੱਡੇ ਆਹੁਦਿਆਂ ਤੇ ਸੇਵਾਵਾਂ ਨਿਭਾਈਆਂ ਹਨ ਅਤੇ 1972 ਤੋਂ ਲੈ ਕੇ ਹੁਣ ਤੱਕ ਜਨਤਕ ਜੀਵਨ ‘ਚ ਉਸ ‘ਤੇ ਕੋਈ ਦਾਗ ਨਹੀਂ ਲੱਗਾ। ਲਾਲਪੁਰਾ ਨੇ ਕਿਹਾ ਕਿ ‘ਆਪ’ ਨੂੰ 48 ਘੰਟਿਆਂ ਵਿੱਚ ਮੁਆਫ਼ੀ ਮੰਗਣੀ ਚਾਹੀਦੀ ਹੈ। ਨਹੀਂ ਤਾਂ ਉਹ ਕਾਨੂੰਨੀ ਕਾਰਵਾਈ ਕਰਨਗੇ।