ਐਸ ਏ ਐਸ ਨਗਰ, 17 ਅਕਤੂਬਰ, 2023: ਆਮ ਆਦਮੀ ਪਾਰਟੀ ਦੀ ਮੋਹਾਲੀ ਜ਼ਿਲ੍ਹਾ ਟੀਮ ਨੇ ਅੱਜ 17 ਅਕਤੂਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਜਨਮ ਦਿਨ ਨੂੰ ਸਮਰਪਿਤ, ਮੋਹਾਲੀ, ਖਰੜ ਅਤੇ ਜ਼ੀਰਕਪੁਰ (ਡੇਰਾਬੱਸੀ) ਵਿਖੇ ਖੂਨਦਾਨ ਕੈਂਪ ਲਗਾਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਤੇ ‘ਆਪ’ ਮੋਹਾਲੀ ਦੇ ਜ਼ਿਲ੍ਹਾ ਪ੍ਰਧਾਨ ਪ੍ਰਭਜੋਤ ਕੌਰ ਨੇ ਦੱਸਿਆ ਕਿ ‘ਆਪ’ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਜੀ (ਵਿਧਾਇਕ ਬੁਢਲਾਡਾ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਾਰਟੀ ਨੇ ਪੰਜਾਬ ਦੇ “ਆਪ” ਆਗੂ ਅਤੇ ਸੂਬੇ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਜਨਮ ਦਿਨ ਨਿਵੇਕਲੇ ਢੰਗ ਨਾਲ ਮਨਾਉਣ ਦਾ ਫੈਸਲਾ ਕੀਤਾ ਤੇ ਇਸ ਦਿਨ ਨੂੰ ਸਭ ਤੋਂ ਵੱਡੀ ਸਮਾਜ ਸੇਵਾ ਵਜੋਂ ਮਨਾਇਆ ਗਿਆ।
ਉਨ੍ਹਾਂ ਅੱਗੇ ਕਿਹਾ ਕਿ ਹਰੇਕ ਹਲਕੇ ਵਿੱਚ ਇਹ ਕੈਂਪ ਲਗਾਉਣ ਲਈ ਵੱਖ ਵੱਖ ਥਾਵਾਂ ਤੇ ਇਹ ਕੈਂਪ ਲਗਾਏ ਹਨ। ਉਨ੍ਹਾਂ ਦੱਸਿਆ ਕਿ ਮੋਹਾਲੀ ਵਿੱਚ ਇਹ ਕੈਂਪ ਸੋਹਾਣਾ ਹਸਪਤਾਲ, ਸੈਕਟਰ 77, ਮੋਹਾਲੀ ਵਿਖੇ ਲਗਾਇਆ ,ਖਰੜ ਵਿੱਚ ਇਹ ਕੈਂਪ ਸਿਵਲ ਹਸਪਤਾਲ ਅਤੇ ਇਸੇ ਤਰ੍ਹਾਂ ਡੇਰਾਬੱਸੀ ਹਲਕੇ ਦਾ ਕੈਂਪ ਐਮ ਕੇਅਰ ਹਸਪਤਾਲ ਜ਼ੀਰਕਪੁਰ ਵਿਖੇ ਲਗਾਇਆ ਗਿਆ।
ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਖੇਤਰਾਂ ਦੇ ਵਿਧਾਇਕ ਸਾਹਿਬਾਨ/ ਉਨ੍ਹਾਂ ਦੇ ਨੁੰਮਾਇੰਦਿਆਂ ਦੇ ਤਾਲਮੇਲ ਨਾਲ ਕੈਂਪਾਂ ਦਾ ਪ੍ਰਬੰਧ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਕੈਂਪ ਸਵੇਰੇ 9 ਵਜੇ ਸ਼ੁਰੂ ਕੀਤੇ ਗਏ ਤਾਂ ਜੋ ਹਰ ਥਾਂ ਤੇ ਘੱਟੋ-ਘੱਟ 100 ਯੂਨਿਟਾਂ ਦਾ ਟੀਚਾ ਪੂਰਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪਾਰਟੀ ਨਾਲ ਜੁੜੇ ਵਲੰਟੀਅਰਾਂ ਅਤੇ ਨੌਜਵਾਨਾਂ ਵੱਲੋਂ ਪਾਰਟੀ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ ਅਤੇ ਸਾਡੇ ਆਗੂ ਅਤੇ ਮੁੱਖ ਮੰਤਰੀ ਦੇ ਜਨਮ ਦਿਨ ਦੇ ਮੌਕੇ ‘ਤੇ ਮਾਨਵਤਾ ਦੀ ਸੇਵਾ ਦੀ ਵੱਡੀ ਮਿਸਾਲ ਕਾਇਮ ਕੀਤੀ ਗਈ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪ੍ਰਭਜੋਤ ਕੌਰ ਤੇ ਪੂਰੀ ਟੀਮ ਨੇ ਖ਼ੂਨ ਦਾਨ ਕੀਤਾ।