ਚੰਡੀਗੜ੍ਹ, 23 ਮਈ 2023: ਆਮ ਆਦਮੀ ਪਾਰਟੀ (ਆਪ) ਨੇ ਦਿੱਲੀ ਪੁਲਿਸ ‘ਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Manish Sisodia) ਨਾਲ ਬਦਸਲੂਕੀ ਕਰਨ ਦਾ ਦੋਸ਼ ਲਗਾਇਆ ਹੈ। ਪਾਰਟੀ ਨੇ ਮੰਗਲਵਾਰ ਨੂੰ ਆਪਣੇ ਟਵਿੱਟਰ ਅਕਾਊਂਟ ‘ਤੇ ਇਕ ਵੀਡੀਓ ਸ਼ੇਅਰ ਕੀਤੀ, ਜਿਸ ‘ਚ ਪੁਲਿਸ ਸਿਸੋਦੀਆ ਨੂੰ ਰਾਊਸ ਐਵੇਨਿਊ ਕੋਰਟ ਦੇ ਅੰਦਰ ਲੈ ਕੇ ਜਾਂਦੀ ਦਿਖਾਈ ਦੇ ਰਹੀ ਹੈ।
ਇਸ ਦੌਰਾਨ ਮੀਡੀਆ ਵਾਲਿਆਂ ਨੇ ਸਿਸੋਦੀਆ (Manish Sisodia) ਨੂੰ ਕੇਂਦਰ ਦੇ ਆਰਡੀਨੈਂਸ ਬਾਰੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਇਸ ਦੇ ਜਵਾਬ ਵਿੱਚ ਮਨੀਸ਼ ਸਿਸੋਦੀਆ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਵਿੱਚ ਹੰਕਾਰ ਪੈਦਾ ਹੋ ਗਿਆ ਹੈ। ਜਿਵੇਂ ਹੀ ਉਸਨੇ ਇਹ ਕਿਹਾ ਤਾਂ ਪੁਲਿਸ ਨੇ ਉਸਨੂੰ ਅੱਗੇ ਬੋਲਣ ਤੋਂ ਰੋਕਿਆ ਅਤੇ ਉਸਦੇ ਗਲੇ ਦੇ ਪਿੱਛੇ ਤੋਂ ਕਾਲਰ ਫੜ ਕੇ ਉਸਨੂੰ ਖਿੱਚ ਕੇ ਲੈ ਗਏ ।
ਇਸ ਵੀਡੀਓ ਦੇ ਕੈਪਸ਼ਨ ‘ਚ ‘ਆਪ’ ਨੇ ਲਿਖਿਆ ਦਿੱਲੀ ਪੁਲਿਸ ਦੀ ਹਿੰਮਤ ਕਿਵੇਂ ਹੋਈ ਮਨੀਸ਼ ਸਿਸੋਦੀਆ ਨਾਲ ਅਜਿਹਾ ਵਿਵਹਾਰ ਕਰਨ ਦੀ ? ਮੋਦੀ ਜੀ ਸਾਰਾ ਦੇਸ਼ ਤੁਹਾਡੀ ਤਾਨਾਸ਼ਾਹੀ ਦੇਖ ਰਿਹਾ ਹੈ। ਇਸ ਤੋਂ ਥੋੜ੍ਹੀ ਦੇਰ ਬਾਅਦ ਪਾਰਟੀ ਦਾ ਟਵਿੱਟਰ ਅਕਾਊਂਟ ਸਸਪੈਂਡ ਹੋ ਗਿਆ। ਹਾਲਾਂਕਿ ਬਾਅਦ ‘ਚ ਖਾਤਾ ਬਹਾਲ ਕਰ ਦਿੱਤਾ ਗਿਆ।