ਪਟਿਆਲਾ 26ਨਵੰਬਰ 2022: ਆਮ ਆਦਮੀ ਪਾਰਟੀ ਵਿਧਾਨਸਭਾ ਚੋਣਾਂ ਦੀ ਤਰ੍ਹਾਂ ਆਉਂਦੀਆਂ ਨਗਰ ਨਿਗਮ ਚੋਣਾਂ ਵੀ ਵੱਡੇ ਫਰਕ ਨਾਲ ਜਿੱਤ ਕੇ ਚਾਰੋ ਨਿਗਮਾਂ ਵਿੱਚ ਆਪਣੇ ਮੇਅਰ ਬਣਾਏਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਪੰਜਾਬ ਦੇ ਮੀਡੀਆ ਸਲਾਹਕਾਰ ਬਲਤੇਜ ਪਨੂੰ ਨੇ ਨਗਰ ਨਿਗਮ ਚੋਣਾਂ ਸੰਬੰਧੀ ਮੁਲਾਕਾਤ ਕਰਨ ਆਏ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਬੰਧੂ ਅਤੇ ਕੇ.ਕੇ. ਸਹਿਗਲ ਨਾਲ ਵਿਚਾਰ ਚਰਚਾ ਦੌਰਾਨ ਕੀਤਾ।
ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂੰ ਨੇ ਪਾਰਟੀ ਦੇ ਦੋਹਾਂ ਸੀਨੀਅਰ ਆਗੂਆਂ ਨੂੰ ਪਟਿਆਲਾ ਸ਼ਹਿਰ ਵਿਚ ਤਕੜੇ ਹੋ ਕੇ ਆਮ ਲੋਕਾਂ ਦੇ ਕੰਮ ਕਰਵਾਉਣ ਅਤੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਥਾਪੜਾ ਵੀ ਦਿੱਤਾ। ਉਨਾਂ ਕਿਹਾ ਕਿ ਵਾਲੰਟੀਅਰ ਨੂੰ ਚਿੰਤਾ ਕਰਨ ਦੀ ਲੋੜ ਨਹੀਂ, ਆਮ ਆਦਮੀ ਪਾਰਟੀ ਨਿਗਮ ਚੋਣਾਂ ਵਿੱਚ ਪੁਰਾਣੇ, ਵਫ਼ਾਦਾਰ, ਮਿਹਨਤੀ ਅਤੇ ਇਮਾਨਦਾਰ ਵਾਲੰਟੀਅਰ ਨੂੰ ਕੌਂਸਲਰ ਬਣਾਕੇ ਨਗਰ ਨਿਗਮ ਵਿੱਚ ਭੇਜੇਗੀ। ਇਸ ਮੌਕੇ ਦੋਹਾਂ ਆਗੂਆਂ ਨੇ ਸ਼ਹਿਰ ਵਿੱਚ ਪਾਰਟੀ ਦੀਆਂ ਚਲ ਰਹੀਆਂ ਗਤੀਵਿਧੀਆਂ ਬਾਰੇ ਵੀ ਬਲਤੇਜ ਪੰਨੂੰ ਨੂੰ ਜਾਣਕਾਰੀ ਦਿੱਤੀ।
ਬਲਤੇਜ ਪੰਨੂ ਨੇ ਕਿਹਾ ਕਿ ਪਿਛਲੇ ਸੱਤ ਮਹੀਨੇ ਦੇ ਕਾਰਜਕਾਲ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਖੁਸ਼ਹਾਲੀ ਅਤੇ ਉੱਨਤੀ ਵੱਲੋਂ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਪੰਜਾਬ ਦੇ ਲੋਕਾਂ ਲਈ ਵੱਡੇ ਫ਼ੈਸਲੇ ਕਰ ਰਹੇ ਹਨ। ਜੋ ਕੰਮ ਮੁੱਖ ਮੰਤਰੀ ਨੇ ਸੱਤ ਮਹੀਨੇ ਦੌਰਾਨ ਕਰ ਦਿੱਤੇ ਹਨ,ਉਹ ਪਿਛਲੇ ਸਰਕਾਰਾਂ ਦੇ ਕਾਰਜਕਾਲ ਦੌਰਾਨ ਕਦੀ ਵੀ ਨਹੀਂ ਹੋਏ ਹਨ। ਪੰਜਾਬ ਚੋਣਾਂ ’ਚ ਹੋਈ ਵੱਡੀ ਜਿੱਤ ਦੇ ਨਾਲ ਨਾਲ ਸਰਕਾਰ ਦੇ ਕੰਮਾਂ ਅਤੇ ਫ਼ੈਸਲਿਆਂ ਦਾ ਵੀ ਨਿਗਮ ਚੋਣਾਂ ਵਿੱਚ ਪਾਰਟੀ ਨੂੰ ਵੱਡਾ ਲਾਭ ਮਿਲੇਗਾ। ਇਸ ਲਈ ਆਮ ਆਦਮੀ ਪਾਰਟੀ ਵਿਧਾਨ ਸਭਾ ਚੋਣਾਂ ਦੀ ਤਰ੍ਹਾਂ ਨਿਗਮ ਚੋਣਾਂ ਵਿੱਚ ਵੀ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ ਅਤੇ ਚਾਰੇ ਨਿਗਮਾਂ ਵਿੱਚ ਆਪਣੇ ਮੇਅਰ ਬਣਾਏਗੀ।
ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਸਾਰੇ ਜ਼ਿਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਅਕਾਲੀ ਦਲ, ਕਾਂਗਰਸ ਤੇ ਭਾਜਪਾ ਦੇ ਵੱਡੇ ਵੱਡੇ ਆਗੂ ਚੋਣਾਂ ਹਾਰ ਗਏ ਹਨ। ਪਟਿਆਲਾ ਜ਼ਿਲ੍ਹੇ ਦੀਆਂ ਸਾਰੀਆਂ ਸੀਟਾਂ ’ਤੇ ਆਮ ਆਦਮੀ ਪਾਰਟੀ ਨੂੰ ਸ਼ਾਨਦਾਰ ਜਿੱਤ ਹਾਸਿਲ ਹੋਈ ਹੈ ਅਤੇ ਪਟਿਆਲਾ ਤੋਂ ਆਉਣ ਵਾਲੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਆਪਣੀ ਸੀਟ ਵੀ ਬੁਰੀ ਤਰ੍ਹਾਂ ਹਾਰ ਗਏ ਹਨ। ਪਟਿਆਲਾ ਨਗਰ ਨਿਗਮ ਦੇ ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ ਪਟਿਆਲਾ ਸ਼ਹਿਰੀ ਤੋਂ ਵਿਧਾਇਕ ਚੁਣੇ ਗਏ ਹਨ। ਵਿਧਾਇਕ ਕੋਹਲੀ ਦੀ ਪਟਿਆਲਾ ਸ਼ਹਿਰ ਦੇ ਲੋਕਾਂ ਵਿੱਚ ਚੰਗੀ ਪਹਿਚਾਣ ਹੈ। ਜਿਸਦਾ ਲਾਭ ਵੀ ਨਿਗਮਾਂ ਚੋਣਾਂ ਵਿੱਚ ਪਾਰਟੀ ਨੂੰ ਮਿਲੇਗਾ।