ਚੰਡੀਗੜ੍ਹ 12 ਅਗਸਤ 2022: ਬੀਤੇ ਦਿਨ ਅਮ੍ਰਿਤਸਰ ‘ਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਕੰਪਲੈਕਸ ਵਿਚੋਂ ਇਕ ਪੰਜ ਸਾਲਾ ਬੱਚੀ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਸੀ | ਮਾਸੂਮ ਲੜਕੀ ਦਾ ਕਤਲ ਕਰਕੇ ਲਾਸ਼ ਸੁੱਟ ਦੇਣ ਵਾਲੀ ਔਰਤ ਨੂੰ ਪੁਲਿਸ ਵਲੋਂ ਰਾਜਪੁਰਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਔਰਤ ਰਾਜਪੁਰਾ ‘ਚ ਬੱਚੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾ ਰਹੀ ਸੀ | ਅੰਮ੍ਰਿਤਸਰ ਪੁਲਿਸ ਇਸ ਔਰਤ ਨੂੰ ਰਾਜਪੁਰਾ (Rajpura) ਤੋਂ ਲੈ ਕੇ ਇੱਥੇ ਪਹੁੰਚ ਰਹੀ ਹੈ |
ਇਸਦੇ ਨਾਲ ਹੀ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਬੱਚੀ ਦੀ ਪਛਾਣ ਦੀਪਜੋਤ ਸਪੁੱਤਰੀ ਕੁਲਵਿੰਦਰ ਸਿੰਘ ਵਾਸੀ ਯਮੁਨਾਨਗਰ ਵਜੋਂ ਹੋਈ ਹੈ | ਦੱਸਿਆ ਜਾ ਰਿਹਾ ਹੈ ਕਿ ਨਜਾਇਜ਼ ਸੰਬੰਧਾ ਦੇ ਚਲਦਿਆਂ ਬੱਚੀ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਹੈ |
ਜਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ ਟਵੀਟ ਕਰ ਕਿਹਾ ਸੀ ਕਿ ਸ੍ਰੀ ਦਰਬਾਰ ਸਾਹਿਬ ਘੰਟਾ ਘਰ ਦੇ ਬਾਹਰ ਪਲਾਜੇ ਵਿੱਚ ਇੱਕ ਛੋਟੀ ਬੱਚੀ ਦੀ ਲਾਸ਼ ਮਿਲੀ ਹੈ। ਇਸ ਬਾਰੇ ਜਿਉਂ ਹੀ ਪ੍ਰਬੰਧਕਾਂ ਨੂੰ ਪਤਾ ਲੱਗਾ ਉਨ੍ਹਾਂ ਲਾਸ਼ ਨੂੰ ਥਾਣਾ ਕੋਤਵਾਲੀ ਗਲਿਆਰਾ ਚੌੰਕੀ ਨੂੰ ਸਪੁਰਦ ਕਰ ਦਿੱਤਾ ਹੈ। ਸੰਗਤ ਨੂੰ ਅਪੀਲ ਹੈ ਕਿ ਜੇਕਰ ਕੋਈ ਵੀ ਇਸ ਬੱਚੀ ਨੂੰ ਜਾਣਦਾ ਹੈ ਜਾਂ ਇਸ ਬੱਚੀ ਨਾਲ ਸਬੰਧਤ ਜਾਣਕਾਰੀ ਕੋਤਵਾਲੀ ਗਲਿਆਰਾ ਚੌਂਕੀ ਕੋਲ ਸਾਂਝੀ ਕੀਤੀ ਜਾਵੇ |