ਪਟਿਆਲਾ 21 ਸਤੰਬਰ 2022: ਪਟਿਆਲਾ ਜ਼ਿਲ੍ਹੇ ਦੇ ਹਲਕਾ ਸਮਾਣਾ ਵਿਖੇ ਸਵਾਈਨ ਫਲੂ (Swine Flu) ਨਾਲ ਇੱਕ ਮਹਿਲਾ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਸਮਾਣਾ ਦੀ ਵੜੈਚਾ ਕਲੋਨੀ ਦੀ ਨਿਵਾਸੀ ਸ਼ੁਸ਼ਮਾ ਰਾਣੀ ਕੁਝ ਦਿਨ ਪਹਿਲਾਂ ਖਾਂਸੀ ਅਤੇ ਬੁਖਾਰ ਨਾਲ ਪੀੜਤ ਸੀ, ਜਿਸ ਤੋਂ ਬਾਅਦ ਉਸ ਨੂੰ ਰਾਜਪੁਰਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ |
ਪਰ ਹਾਲਤ ਜ਼ਿਆਦਾ ਵਿਗੜਨ ਤੋਂ ਬਾਅਦ ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ, ਜਿੱਥੇ ਉਸਦੀ ਸਵਾਈਨ ਫਲੂ ਬੀਮਾਰੀ ਨਾਲ ਮੌਤ ਹੋ ਗਈ ਹੈ |ਸੁਸ਼ਮਾ ਰਾਣੀ ਦੀ ਉਮਰ 46 ਸਾਲ ਦੱਸੀ ਜਾ ਰਹੀ ਹੈ ਅਤੇ ਪ੍ਰਸ਼ਾਸਨ ਵੱਲੋਂ ਸਵਾਈਨ ਫਲੂ ਦੇ ਨਿਯਮਾਂ ਦੇ ਮੁਤਾਬਕ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਆਪਣੀ ਨਿਗਰਾਨੀ ਵਿੱਚ ਕੀਤਾ ਗਿਆ |
ਇਸਦੇ ਨਾਲ ਹੀ ਸ਼ਮਸ਼ਾਨਘਾਟ ਵਿਖੇ ਕਿਸੇ ਵੀ ਵਿਅਕਤੀ ਨੂੰ ਦਾਖ਼ਲ ਨਹੀਂ ਹੋਣ ਦਿੱਤਾ ਅਤੇ ਕੇਵਲ ਪਰਿਵਾਰ ਅਤੇ ਨਜ਼ਦੀਕੀ ਸਬੰਧੀਆਂ ਨੇ ਹੀ ਸੁਸ਼ਮਾ ਰਾਣੀ ਦਾ ਅੰਤਿਮ ਸਸਕਾਰ ਕੀਤਾ | ਸਵਾਈਨ ਫਲੂ ਦੀ ਪੁਸ਼ਟੀ ਸਮਾਣਾ ਦੀ ਸੀਨੀਅਰ ਮੈਡੀਕਲ ਅਧਿਕਾਰੀ ਰਿਸ਼ਮਾ ਵੋਹਰਾ ਨੇ ਕੀਤੀ ਹੈ, ਉਨ੍ਹਾਂ ਨੇ ਦੱਸਿਆ ਕਿ ਸੁਸ਼ਮਾ ਰਾਣੀ ਪਹਿਲਾਂ ਕਿਸੇ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਹੋਈ ਸੀ ਉਸ ਤੋਂ ਬਾਅਦ ਉਸ ਨੂੰ ਰਾਜਿੰਦਰਾ ਹਸਪਤਾਲ ਵਿਖੇ ਲਿਆਂਦਾ ਗਿਆ, ਜਿੱਥੇ ਸਿਹਤ ਵਿਭਾਗ ਨੇ ਆਪਣੀ ਨਿਗਰਾਨੀ ਵਿਚ ਉਸਦਾ ਅੰਤਿਮ ਸਸਕਾਰ ਕਰਵਾਇਆ |