July 4, 2024 3:16 am
Patiala city

ਪਟਿਆਲਾ ਸ਼ਹਿਰ ‘ਚ ਧੂੰਏਂ ਦੀ ਚਿੱਟੀ ਚਾਦਰ ਸ਼ਹਿਰ ਵਾਸੀਆਂ ਲਈ ਬਣੀ ਮੁਸੀਬਤ

ਪਟਿਆਲਾ 09 ਨਵੰਬਰ 2022: ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ ਗਈ ਹੈ, ਪਰ ਇਸਦੇ ਬਾਵਜੂਦ ਵੀ ਪੰਜਾਬ ਵਿੱਚ ਪਰਾਲੀ ਨੂੰ ਅੱਗ ਲਗਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਅੱਜ ਪੰਜਾਬ ਧੂੰਏਂ ਦੀ ਲਪੇਟ ਵਿੱਚ ਘਿਰਿਆ ਦਿਖਾਈ ਦੇ ਰਿਹਾ ਹੈ | ਉੱਥੇ ਹੀ ਪਟਿਆਲਾ (Patiala) ਵਿਖੇ ਵੀ ਧੂੰਏਂ ਦੀ ਚਿੱਟੀ ਚਾਦਰ ਅਸਮਾਨ ਵਿਚ ਸਾਫ ਦਿਖਾਈ ਦਿੱਤੀ ਅਤੇ ਪਟਿਆਲਾ ਸ਼ਹਿਰ ਦੇ ਲੋਕ ਇਸੇ ਧੂੰਏਂ ਦੀ ਚਾਦਰ ਵਿੱਚੋਂ ਬੜੀ ਮੁਸ਼ਕਲ ਨਾਲ ਲੰਘਦੇ ਵਿਖਾਈ ਦਿੱਤੇ |

ਲਗਾਤਾਰ ਵਧ ਰਿਹਾ ਪ੍ਰਦੂਸ਼ਣ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਵੀ ਜਨਮ ਦੇ ਰਿਹਾ ਹੈ | ਪਟਿਆਲਾ ਵਿਖੇ ਵਧ ਰਹੇ ਇਸ ਪ੍ਰਦੂਸ਼ਣ ਬਾਰੇ ਜਦੋਂ ਸਿਵਲ ਸਰਜਨ ਦੇ ਸੀਨੀਅਰ ਡਾਕਟਰ ਸੁਮਿਤ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਠੰਢ ਦੇ ਮੌਸਮ ਵਿਚ ਧੁੰਦ ਵੀ ਪੈਂਦੀ ਹੈ, ਪਰ ਪਿਛਲੇ ਦੋ ਦਿਨਾਂ ਤੋਂ ਧੁੰਦ ਅਤੇ ਧੂੰਆਂ ਇਕੱਠੇ ਹੋ ਗਏ ਹਨ, ਜਿਸ ਦੇ ਕਰਕੇ ਇਹ ਚਿੱਟੀ ਚਾਦਰ ਬਣ ਗਈ ਹੈ |

ਉਨ੍ਹਾਂ ਦੱਸਿਆ ਕਿ ਇਹ ਧੂੰਆਂ ਲੋਕਾਂ ਦੀ ਸਿਹਤ ਲਈ ਬਹੁਤ ਹੀ ਖ਼ਤਰਨਾਕ ਸਾਬਤ ਹੋ ਸਕਦੀ ਹੈ ਕਿਉਂਕਿ ਉਨ੍ਹਾਂ ਕਿਹਾ ਕਿ ਜਿੰਨਾ ਅਸੀਂ ਕੁਦਰਤ ਦੇ ਨਾਲ ਖਿਲਵਾੜ ਕਰਾਂਗੇ ਓਨੇ ਹੀ ਭਿਆਨਕ ਨਤੀਜੇ ਭੁਗਤਣੇ ਪੈਣਗੇ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਦਿਨਾਂ ਵਿੱਚ ਆਪਣਾ ਮੂੰਹ ਸਿਰ ਚੰਗੀ ਤਰ੍ਹਾਂ ਢੱਕ ਕੇ ਹੀ ਘਰੋਂ ਬਾਹਰ ਨਿਕਲਣ ਤਾਂ ਜੋ ਇਸ ਖ਼ਤਰਨਾਕ ਪ੍ਰਦੂਸ਼ਣ ਤੋਂ ਆਪਣਾ ਬਚਾਅ ਕੀਤਾ ਜਾ ਸਕੇ | ਡਾਕਟਰ ਸਮਿੱਥ ਨੇ ਕਿਹਾ ਕਿ ਜੇਕਰ ਇਸ ਪ੍ਰਦੂਸ਼ਣ ਤੋਂ ਛੁਟਕਾਰਾ ਪਾਉਣਾ ਹੈ ਤਾਂ ਸਾਨੂੰ ਹਰੇਕ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਵਾਤਾਵਰਨ ਸਾਫ ਰੱਖਣਾ ਪਵੇਗਾ | ਉਨ੍ਹਾਂ ਕਿਹਾ ਕਿ ਹੁਣ ਸਿਰਫ਼ ਬਾਰਿਸ਼ ਹੀ ਲੋਕਾਂ ਨੂੰ ਇਸ ਪ੍ਰਦੂਸ਼ਣ ਤੋਂ ਮੁਕਤੀ ਦੁਆ ਸਕਦੀ ਹੈ |