ਸ੍ਰੀ ਮੁਕਤਸਰ ਸਾਹਿਬ, 15 ਮਈ 2024: ਲੋਕ ਸਭਾ ਹਲਕਾ ਫਿਰੋਜ਼ਪੁਰ ਲਈ ਭਾਰਤੀ ਚੌਣ ਕਮਿਸ਼ਨ ਵੱਲੋਂ ਤਾਇਨਾਤ ਕੀਤੇ ਗਏ ਜਨਰਲ ਅਬਜ਼ਰਵਰ ਲਕਸ਼ਮੀਕਾਂਤ ਰੈਡੀ ਆਈ.ਏ.ਐਸ. ਅਤੇ ਪੁਲਿਸ ਅਬਜ਼ਰਵਰ ਏ ਆਰ ਦਾਮੋਦਰ ਆਈ.ਪੀ.ਐਸ. ਨੇ ਅੱਜ ਸ੍ਰੀ ਮੁਕਤਸਰ ਸਾਹਿਬ (Sri Muktsar Sahib) ਦਾ ਦੌਰਾ ਕੀਤਾ। ਇੱਥੇ ਪੁੱਜਣ ’ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਹਰਪ੍ਰੀਤ ਸਿੰਘ ਸੂਦਨ ਆਈ.ਏ.ਐਸ. ਅਤੇ ਐਸ.ਐਸ.ਪੀ. ਭਾਗੀਰਥ ਸਿੰਘ ਮੀਨਾ ਆਈ.ਪੀ.ਐਸ. ਨੇ ਉਨ੍ਹਾਂ ਦਾ ਸਵਾਗਤ ਕੀਤਾ।
ਇਸ ਮੌਕੇ ਚੋਣ ਕਮਿਸ਼ਨ ਵੱਲੋਂ ਨਾਮਜਦ ਅਬਜ਼ਰਵਰਾਂ ਵੱਲੋਂ ਮਲੋਟ ਅਤੇ ਸ੍ਰੀ ਮੁਕਤਸਰ ਸਾਹਿਬ ਵਿਧਾਨ ਸਭਾ ਹਲਕਿਆਂ ਦੇ ਸਹਾਇਕ ਰਿਟਰਨਿੰਗ ਅਫਸਰਾਂ ਨਾਲ ਬੈਠਕ ਕੀਤੀ | ਇਸ ਮੌਕੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਜ਼ਿਲ੍ਹੇ ਦੇ ਦੋ ਵਿਧਾਨ ਸਭਾ ਹਲਕੇ ਲੋਕ ਸਭਾ ਹਲਕਾ ਫਿਰੋਜ਼ਪੁਰ ਦਾ ਭਾਗ ਹਨ।
ਜ਼ਿਲ੍ਹੇ ਵਿਚ ਕੁੱਲ 694586 ਵੋਟਰ ਹਨ। ਜ਼ਿਲ੍ਹੇ ਵਿਚ 85 ਸਾਲ ਤੋਂ ਵੱਡੀ ਉਮਰ ਦੇ 5385, ਸਰਵਿਸ ਵੋਟਰ 1792 ਅਤੇ 18-19 ਸਾਲ ਉਮਰ ਵਰਗ ਦੇ 19272 ਵੋਟਰ ਹਨ। ਜ਼ਿਲ੍ਹੇ ਵਿਚ 753 ਪੋਲਿੰਗ ਬੂਥ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 40 ਮਾਡਲ ਪੋਲਿੰਗ ਬੂਥ, ਬੀਬੀਆਂ ਵੱਲੋਂ ਸਥਾਪਿਤ 9 ਬੂਥ, 4-4 ਪੀਡਬਲਯਡੀ ਅਤੇ ਯੂਥ ਬੂਥ ਤੇ 4 ਹੀ ਗਰੀਨ ਬੂਥ ਬਣਾਏ ਜਾਣਗੇ।
ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ (Sri Muktsar Sahib) ਵਿੱਚ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਦਿੱਤੇ ਸ਼ਡਿਊਲ ਅਨੁਸਾਰ ਸਾਰੀਆਂ ਚੋਣ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਨਿਰਪੱਖ ਅਤੇ ਸ਼ਾਂਤ ਮਈ ਚੌਣਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰਾਂ ਨਾਲ ਤਿਆਰ ਹੈ ਅਤੇ ਆਦਰਸ਼ ਚੋਣ ਜਾਬਤੇ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ।
ਐਸ.ਐਸ.ਪੀ. ਭਾਗੀਰਥ ਮੀਨਾ ਨੇ ਦੱਸਿਆ ਕਿ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ 19 ਅੰਤਰ ਰਾਜੀ ਨਾਕਿਆਂ ਸਮੇਤ ਹਰ ਥਾਂ ਪੁਲਿਸ ਚੌਕਸੀ ਨਾਲ ਕੰਮ ਕਰ ਰਹੀ ਹੈ। ਬੈਠਕ ਵਿੱਚ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੁਖਪ੍ਰੀਤ ਸਿੰਘ ਸਿੱਧੂ, ਐਸ.ਡੀ.ਐਮ. ਮਲੋਟ ਡਾ. ਸੰਜੀਵ ਕੁਮਾਰ, ਐਸ.ਡੀ.ਐਮ. ਸ੍ਰੀ ਮੁਕਤਸਰ ਸਾਹਿਬ ਬਲਜੀਤ ਕੌਰ, ਡੀ.ਐਸ.ਪੀ.ਸਤਨਾਮ ਸਿੰਘ, ਤਹਿਸੀਲਦਾਰ ਚੋਣਾਂ ਹਰਬੰਸ ਸਿੰਘ ਵੀ ਹਾਜ਼ਰ ਸਨ।