Site icon TheUnmute.com

ਮੇਰਠ ‘ਚ ਸ਼ੂਗਰ ਮਿੱਲ ਦੀ ਟਰਬਾਈਨ ਯੂਨਿਟ ‘ਚ ਲੱਗੀ ਭਿਆਨਕ ਅੱਗ, ਮੁੱਖ ਇੰਜਨੀਅਰ ਦੀ ਮੌਤ

Meerut

ਚੰਡੀਗੜ੍ਹ 26 ਨਵੰਬਰ 2022: ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ (Meerut) ਦੇ ਪਰਤਾਪੁਰ ਥਾਣਾ ਖੇਤਰ ‘ਚ ਮੋਹੀਉਦੀਨਪੁਰ ਸ਼ੂਗਰ ਮਿੱਲ ਦੀ ਟਰਬਾਈਨ ਯੂਨਿਟ ‘ਚ ਸ਼ਨੀਵਾਰ ਦੁਪਹਿਰ ਨੂੰ ਅੱਗ ਲੱਗਣ ‘ਤੇ ਮਿੱਲ ਦੇ ਚੀਫ ਇੰਜੀਨੀਅਰ ਨੇ ਛੱਤ ਤੋਂ ਛਾਲ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਜ਼ਖ਼ਮੀ ਮੁੱਖ ਇੰਜਨੀਅਰ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

ਪੁਲਿਸ ਮੁਤਾਬਕ ਸ਼ਨੀਵਾਰ ਦੁਪਹਿਰ 1 ਵਜੇ ਦੇ ਕਰੀਬ ਮੋਹੀਉਦੀਨਪੁਰ ਸ਼ੂਗਰ ਮਿੱਲ ‘ਚ ਟਰਬਾਈਨ ਯੂਨਿਟ ‘ਚ ਅੱਗ ਲੱਗ ਗਈ। ਅੱਗ ਦੀ ਸੂਚਨਾ ਮਿਲਦਿਆਂ ਹੀ ਮਿੱਲ ਦੇ ਮਜ਼ਦੂਰਾਂ ਵਿੱਚ ਹੜਕੰਪ ਮੱਚ ਗਿਆ। ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ।

ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਰਾਮ ਪਹਿਲ ਸਿੰਘ ਨੇ ਦੱਸਿਆ ਕਿ ਮਿੱਲ ਦਾ ਮੁੱਖ ਇੰਜਨੀਅਰ ਨਰਿੰਦਰ ਕੁਮਾਰ ਕੁਸ਼ਵਾਹਾ (61) ਅੱਗ ਨੂੰ ਦੇਖ ਕੇ ਘਬਰਾ ਗਿਆ ਅਤੇ ਆਪਣੀ ਜਾਨ ਬਚਾਉਣ ਲਈ ਉਪਰਲੀ ਮੰਜ਼ਿਲ ਤੋਂ ਹੇਠਾਂ ਛਾਲ ਮਾਰ ਦਿੱਤੀ। ਗੰਭੀਰ ਜ਼ਖਮੀ ਹੋਣ ‘ਤੇ ਉਸ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਐਸਪੀ (ਸਿਟੀ) ਪਿਊਸ਼ ਕੁਮਾਰ ਸਿੰਘ ਨੇ ਦੱਸਿਆ ਕਿ ਨਰਿੰਦਰ ਕੁਮਾਰ ਕੁਸ਼ਵਾਹਾ ਦੀ ਇਲਾਜ ਦੌਰਾਨ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ‘ਤੇ ਪਹੁੰਚੀ ਥਾਣਾ ਸਦਰ ਅਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਕਰੀਬ ਦੋ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ।

Exit mobile version