ਅੰਮ੍ਰਿਤਸਰ 31 ਅਗਸਤ 2022: ਅੰਮ੍ਰਿਤਸਰ (Amritsar) ਵਿਖੇ ਇਕ ਕੈਮੀਕਲ ਫੈਕਟਰੀ ‘ਚ ਦੁਪਹਿਰ ਨੂੰ ਭਿਆਨਕ ਅੱਗ ਲੱਗ ਦੀ ਖ਼ਬਰ ਸਾਹਮਣੇ ਆ ਰਹੀ ਹੈ । ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਰਾਹਤ ਕਾਰਜ ਲਈ ਮੌਕੇ ‘ਤੇ ਪਹੁੰਚ ਗਈਆਂ ਹਨ । ਇਸ ਦੌਰਾਨ ਕਰੀਬ ਡੇਢ ਘੰਟੇ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ | ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ, ਇਸ ਘਟਨਾ ਸਬੰਧੀ ਅਗਲੇਰੀ ਜਾਂਚ ਜਾਰੀ ਹੈ।
ਅੱਗ ਲੱਗਣ ਤੋਂ ਬਾਅਦ ਕੈਮੀਕਲ ਫੈਕਟਰੀ (Chemical Factory) ਮਾਲਕ ਨੇ ਮੀਡੀਆ ਕਰਮੀਆਂ ਨੂੰ ਵੀ ਅੰਦਰ ਜਾਣ ਤੋਂ ਰੋਕ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਫੈਕਟਰੀ ਦੇ ਅੰਦਰ ਵੱਡੀ ਮਾਤਰਾ ਵਿੱਚ ਕੈਮੀਕਲ ਦੇ ਡਰੰਮ ਪਏ ਸਨ। ਜੇਕਰ ਅੱਗ ਵਧ ਜਾਂਦੀ ਤਾਂ ਕੋਈ ਵੱਡਾ ਹਾਦਸਾ ਹੋ ਸਕਦਾ ਸੀ | ਜਾਣਕਾਰੀ ਅਨੁਸਾਰ ਅੱਗ ‘ਤੇ ਕਰੀਬ 2:15 ਵਜੇ ਕਾਬੂ ਪਾ ਲਿਆ ਗਿਆ | ਪਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਜੇ ਵੀ ਫੈਕਟਰੀ ਵੱਲ ਜਾ ਰਹੀਆਂ ਸਨ।
ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਫੈਕਟਰੀ ‘ਚ ਕੈਮੀਕਲ ਮੌਜੂਦ ਹੋਣ ਕਾਰਨ ਅੱਗ ਕਿਸੇ ਵੇਲੇ ਵੀ ਭੜਕ ਸਕਦੀ ਹੈ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਹਯਾਤ ਹੋਟਲ ਦੇ ਪਿੱਛੇ ਸਥਿਤ ਅਮਰ ਕਲਰ ਕੈਮੀਕਲਜ਼ ਇੰਡੀਆ ਪ੍ਰਾਈਵੇਟ ਲਿਮਟਿਡ ਨਾਂ ਦੀ ਫੈਕਟਰੀ ਤੋਂ ਦੁਪਹਿਰ ਵੇਲੇ ਅਚਾਨਕ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਉੱਥੇ ਕੰਮ ਕਰ ਰਹੇ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਵਿਭਾਗ ਨੂੰ ਦਿੱਤੀ। ਇਸ ਘਟਨਾ ‘ਚ ਕਿਸੇ ਵੀ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ |