ਚੰਡੀਗੜ੍ਹ 18 ਨਵੰਬਰ 2022: ਗਾਜ਼ਾ ਪੱਟੀ (Gaza Strip) ‘ਚ ਇਕ ਇਮਾਰਤ ‘ਚ ਅੱਗ ਲੱਗਣ ਕਾਰਨ ਘੱਟੋ-ਘੱਟ 21 ਲੋਕਾਂ ਦੀ ਮੌਤ ਦੀ ਖ਼ਬਰ ਹੈ ਅਤੇ ਕਈ ਹੋਰ ਜ਼ਖਮੀ ਹੋ ਗਏ ਹਨ। ਉੱਤਰੀ ਗਾਜ਼ਾ ਪੱਟੀ ਵਿੱਚ ਸੰਘਣੀ ਆਬਾਦੀ ਵਾਲੇ ਜਬਾਲੀਆ ਸ਼ਰਨਾਰਥੀ ਕੈਂਪ ਵਿੱਚ ਇੱਕ ਚਾਰ ਮੰਜ਼ਿਲਾ ਰਿਹਾਇਸ਼ੀ ਇਮਾਰਤ ਦੀ ਉਪਰਲੀ ਮੰਜ਼ਿਲ ‘ਤੇ ਲੱਗੀ ਭਿਆਨਕ ਅੱਗ ਨੂੰ ਬੁਝਾਉਣ ਵਿੱਚ ਫਾਇਰਫਾਈਟਰਾਂ ਨੂੰ ਇੱਕ ਘੰਟੇ ਤੋਂ ਵੱਧ ਦਾ ਸਮਾਂ ਲੱਗਿਆ। ਸਿਹਤ ਅਤੇ ਸਿਵਲ ਐਮਰਜੈਂਸੀ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਦੱਸ ਦੇਈਏ ਕਿ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਜ਼ਖਮੀਆਂ ਨੂੰ ਸਥਾਨਕ ਹਸਪਤਾਲ ਪਹੁੰਚਾਇਆ ਗਿਆ। ਇਸ ਦੌਰਾਨ ਇਜ਼ਰਾਈਲ ਨੇ ਕਿਹਾ ਕਿ ਜੇ ਲੋੜ ਪਈ ਤਾਂ ਉਹ ਡਾਕਟਰੀ ਇਲਾਜ ਦੀ ਇਜਾਜ਼ਤ ਦੇਵੇਗਾ। ਗਾਜ਼ਾ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਘਟਨਾ ਵਾਲੀ ਥਾਂ ‘ਤੇ ਵੱਡੀ ਮਾਤਰਾ ‘ਚ ਗੈਸੋਲੀਨ ਰੱਖਿਆ ਗਿਆ ਸੀ, ਜਿਸ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ ਅਤੇ ਇਮਾਰਤ ਨੂੰ ਆਪਣੀ ਲਪੇਟ ‘ਚ ਲੈ ਲਿਆ।
ਚਸ਼ਮਦੀਦਾਂ ਨੇ ਦੱਸਿਆ ਕਿ ਅੱਗ ਲੱਗਣ ਤੋਂ ਬਾਅਦ ਲੋਕਾਂ ਦੇ ਚੀਕ-ਚਿਹਾੜੇ ਦੀ ਆਵਾਜ਼ ਆਈ ਪਰ ਅੱਗ ਨੂੰ ਦੇਖਦੇ ਹੋਏ ਉਹ ਅੰਦਰ ਮੌਜੂਦ ਲੋਕਾਂ ਦੀ ਮਦਦ ਨਹੀਂ ਕਰ ਸਕੇ। ਫਿਲਿਸਤਿਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਇਸ ਨੂੰ ਰਾਸ਼ਟਰੀ ਦੁਖਾਂਤ ਦੱਸਿਆ ਅਤੇ ਇੱਕ ਦਿਨ ਦਾ ਸੋਗ ਦਾ ਐਲਾਨ ਕੀਤਾ ਹੈ ।