Site icon TheUnmute.com

ਜੋਹਾਨਸਬਰਗ ‘ਚ ਬਹੁ-ਮੰਜ਼ਿਲਾ ਇਮਾਰਤ ‘ਚ ਲੱਗੀ ਭਿਆਨਕ ਅੱਗ, 63 ਜਣਿਆਂ ਦੀ ਮੌਤ

Johannesburg

ਚੰਡੀਗੜ੍ਹ, 31 ਅਗਸਤ, 2023: ਦੱਖਣੀ ਅਫਰੀਕਾ ਦੇ ਜੋਹਾਨਸਬਰਗ (Johannesburg) ਵਿੱਚ ਇੱਕ ਬਹੁ-ਮੰਜ਼ਿਲਾ ਇਮਾਰਤ ਵਿੱਚ ਭਿਆਨਕ ਅੱਗ ਲੱਗਣ ਕਾਰਨ ਦਰਦਨਾਕ ਹਾਦਸਾ ਵਾਪਰਿਆ ਹੈ । ਇਸ ਘਟਨਾ ‘ਚ ਹੁਣ ਤੱਕ 63 ਜਣਿਆਂ ਦੀ ਮੌਤ ਹੋ ਚੁੱਕੀ ਹੈ, ਜਦਕਿ 40 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ। ਦੱਸਿਆ ਗਿਆ ਹੈ ਕਿ ਸ਼ਹਿਰ ਦੇ ਮੱਧ ‘ਚ ਸਥਿਤ ਵਪਾਰਕ ਜ਼ਿਲੇ ‘ਚ ਵੀਰਵਾਰ ਸਵੇਰੇ ਅੱਗ ਲੱਗ ਗਈ। ਫਾਇਰ ਫਾਈਟਰਜ਼ ਨੇ ਹੁਣ ਤੱਕ 63 ਲਾਸ਼ਾਂ ਨੂੰ ਮੌਕੇ ਤੋਂ ਕੱਢ ਲਿਆ ਹੈ।

ਜੋਹਾਨਸਬਰਗ (Johannesburg) ਐਮਰਜੈਂਸੀ ਮੈਨੇਜਮੈਂਟ ਸਰਵਿਸਿਜ਼ ਦੇ ਬੁਲਾਰੇ ਰਾਬਰਟ ਨੇ ਕਿਹਾ ਕਿ ਫਾਇਰ ਵਿਭਾਗ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗਿਆ ਹੋਇਆ ਹੈ । ਇਸ ਘਟਨਾ ਵਿੱਚ ਇੱਕ ਬੱਚੇ ਦੀ ਵੀ ਜਾਨ ਚਲੀ ਗਈ ਹੈ। ਇਸ ਦੇ ਨਾਲ ਹੀ ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿਸ ਇਮਾਰਤ ਵਿੱਚ ਅੱਗ ਲੱਗੀ ਸੀ, ਉਸ ਇਮਾਰਤ ਦੀ ਵਰਤੋਂ ਬੇਘਰ ਹੋਏ ਲੋਕਾਂ ਲਈ ਗੈਰ-ਸਰਕਾਰੀ ਰਿਹਾਇਸ਼ ਵਜੋਂ ਕੀਤੀ ਜਾ ਰਹੀ ਸੀ ਅਤੇ ਇਸ ਲਈ ਕੋਈ ਅਧਿਕਾਰਤ ਕਿਰਾਏ ਦਾ ਸਮਝੌਤਾ ਨਹੀਂ ਸੀ। ਇਮਾਰਤ ਵਿੱਚ ਇੰਨੇ ਲੋਕ ਇਕੱਠੇ ਹੋਣ ਕਾਰਨ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਵੀ ਦਿੱਕਤ ਆ ਰਹੀ ਹੈ।

ਚਸ਼ਮਦੀਦਾਂ ਮੁਤਾਬਕ ਇਮਾਰਤ ਵਿੱਚ 200 ਤੋਂ ਵੱਧ ਜਣਿਆਂ ਦੇ ਹੋਣ ਦੀ ਸੰਭਾਵਨਾ ਹੈ। ਫਿਲਹਾਲ ਬਹੁਮੰਜ਼ਿਲਾ ਇਮਾਰਤ ‘ਚ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਹਾਲਾਂਕਿ ਫਾਇਰ ਫਾਈਟਰਜ਼ ਨੇ ਕਾਫੀ ਜੱਦੋ ਜਹਿਦ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਇਸ ਦੇ ਬਾਵਜੂਦ ਇਮਾਰਤ ਦੇ ਵੱਡੇ ਹਿੱਸੇ ‘ਚ ਖਿੜਕੀਆਂ ‘ਚੋਂ ਧੂੰਆਂ ਨਿਕਲਦਾ ਦੇਖਿਆ ਗਿਆ।

Exit mobile version