ਅੰਮ੍ਰਿਤਸਰ 09 ਦਸੰਬਰ 2022: ਅੰਮ੍ਰਿਤਸਰ ‘ਚ ਬੀਤੀ ਰਾਤ ਨੂੰ ਇਕ ਫਰਨੀਚਰ ਦੀ ਦੁਕਾਨ (Furniture Shop) ‘ਚ ਭਿਆਨਕ ਅੱਗ ਲੱਗਣ ਦੀ ਖਬਰ ਸਾਹਮਣੇ ਆ ਰਹੀ ਹੈ | ਦੱਸਿਆ ਜਾ ਰਿਹਾ ਹੈ ਕਿ ਦੁਕਾਨ ਅੰਦਰ ਰੱਖੇ ਕੈਮੀਕਲ ਕਾਰਨ ਜ਼ਬਰਦਸਤ ਧਮਾਕਾ ਹੋਇਆ । ਇਸ ਘਟਨਾ ਵਿੱਚ ਚਾਰ ਮਜਦੂਰਾਂ ਸਮੇਤ 5 ਵਿਅਕਤੀ ਝੁਲਸ ਗਏ ਹਨ । ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਛੇਹਰਟਾ ਸਥਿਤ ਜੇਐਸ ਫਰਨੀਚਰ ਦੀ ਦੁਕਾਨ ਨੂੰ ਅੱਗ ਲੱਗੀ ਹੈ । ਦੁਕਾਨ ਵਿੱਚ ਵੱਡੀ ਮਾਤਰਾ ਵਿੱਚ ਲੱਕੜ ਅਤੇ ਫਰਨੀਚਰ ਦਾ ਸਮਾਨ ਰੱਖਿਆ ਹੋਇਆ ਸੀ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਢਾਬ ਵਸਤੀ ਰਾਮ ਤੋਂ ਸੇਵਾ ਸੰਮਤੀ ਅਤੇ ਰਾਣੀ ਕਾ ਬਾਗ ਅਤੇ ਹਾਲ ਗੇਟ ਤੱਕ ਪਹੁੰਚਣ ਵਿੱਚ ਕੁਝ ਸਮਾਂ ਲੱਗਿਆ। ਲੱਕੜਾਂ ਕਾਰਨ ਅੱਗ ਬਹੁਤ ਤੇਜ਼ੀ ਨਾਲ ਫੈਲ ਗਈ। ਇਸ ਦੌਰਾਨ ਦੁਕਾਨ ਦੇ ਅੰਦਰ ਧਮਾਕਾ ਹੋਇਆ।
ਦੱਸਿਆ ਜਾ ਰਿਹਾ ਕਿ ਕਿ ਦੁਕਾਨ ਦੇ ਅੰਦਰ ਫਰਨੀਚਰ ਨੂੰ ਪਾਲਿਸ਼ ਕਰਨ ਲਈ ਡੱਬਿਆਂ ਵਿੱਚ ਕੈਮੀਕਲ ਰੱਖੇ ਹੋਏ ਸਨ। ਅੱਗ ਲੱਗਣ ਕਾਰਨ ਵੱਡਾ ਧਮਾਕਾ ਹੋਇਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਨਾਲ ਸਾਰੇ ਫਰਨੀਚਰ ਹਾਊਸ ਦੀਆਂ ਕੰਧਾਂ ਹਿੱਲ ਗਈਆਂ।
ਜ਼ਖਮੀ ਦੁਕਾਨ ਮਾਲਕ ਨੇ ਦੱਸਿਆ ਕਿ ਤਿਉਹਾਰਾਂ ਅਤੇ ਵਿਆਹਾਂ ਦਾ ਸੀਜ਼ਨ ਹੋਣ ਕਾਰਨ ਵੱਡੀ ਮਾਤਰਾ ਵਿੱਚ ਫਰਨੀਚਰ ਤਿਆਰ ਕਰਕੇ ਸ਼ੋਅਰੂਮ ਵਿੱਚ ਰੱਖਿਆ ਹੋਇਆ ਸੀ। ਇਹ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ।ਫਾਇਰ ਬ੍ਰਿਗੇਡ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਅੱਗ ਕਿਵੇਂ ਲੱਗੀ। ਦੁਕਾਨ ਮਾਲਕ ਅਤੇ ਸਟਾਫ਼ ਨੂੰ ਵੀ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਹੈ। ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।