July 7, 2024 8:04 am
ਰੂਸੀ ਰਾਕੇਟ

ਯੂਕਰੇਨ ਦੇ ਰਿਹਾਇਸ਼ੀ ਇਲਾਕੇ ‘ਚ ਡਿੱਗਿਆ ਰੂਸੀ ਰਾਕੇਟ, 30 ਘਰ ਤਬਾਹ

ਚੰਡੀਗੜ੍ਹ 06 ਮਾਰਚ 2022: ਰੂਸ ਤੇ ਯੂਕਰੇਨ ਵਿਚਕਾਰ ਜੰਗ ਹੋਰ ਵੀ ਖਤਰਨਾਕ ਹੁੰਦੀ ਜਾ ਰਹੀ ਹੈ | ਇਸ ਦੌਰਾਨ ਯੂਕਰੇਨ ਨੇ ਆਰੋਪ ਲਗਾਇਆ ਕਿ ਰੂਸ ਜੰਗਬੰਦੀ ਦੀ ਉਲੰਘਣਾ ਕਰ ਰਿਹਾ ਹੈ | ਦੱਸਿਆ ਜਾ ਰਿਹਾ ਹੈ ਕਿ ਰੂਸੀ ਫੌਜ ਨੇ ਯੂਕਰੇਨ ਦੇ ਓਵਰਚ ਸ਼ਹਿਰ ‘ਚ ਨਾਗਰਿਕਾਂ ਦੇ ਘਰਾਂ ‘ਤੇ ਮਿਜ਼ਾਈਲਾਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹੈ। ਬ੍ਰਿਟੇਨ ਦੇ ਰੱਖਿਆ ਮੰਤਰਾਲੇ ਮੁਤਾਬਕ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਫੌਜ ਵੱਲੋਂ ਯੂਕਰੇਨ ‘ਚ ਆਬਾਦੀ ਵਾਲੇ ਇਲਾਕਿਆਂ ‘ਚ ਬੰਬਾਰੀ ਲੋਕਾਂ ਦਾ ਮਨੋਬਲ ਤੋੜਨ ਦੀ ਕੋਸ਼ਿਸ਼ ‘ਚ ਕੀਤੀ ਜਾ ਰਹੀ ਹੈ।

ਇਸ ਹਮਲੇ ਸੰਬੰਧੀ ਸਥਾਨਕ ਮੀਡੀਆ ਨੇ ਕਿਹਾ ਕਿ ਰੂਸੀ ਰਾਕੇਟ ਹਮਲਿਆਂ ‘ਚ ਘੱਟੋ-ਘੱਟ 30 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਹਮਲੇ ‘ਚ ਇਕ ਨਾਗਰਿਕ ਦੀ ਵੀ ਮੌਤ ਹੋ ਗਈ ਹੈ, ਜਦਕਿ ਲੋਕਾਂ ਨੇ ਆਪਣੀ ਜਾਨ ਬਚਾਉਣ ਲਈ ਬੇਸਮੈਂਟ ‘ਚ ਸ਼ਰਨ ਲਈ ਹੈ। ਓਵਰੁਚ ਸ਼ਹਿਰ ਯੂਕਰੇਨ ਦੇ ਉੱਤਰ-ਪੱਛਮ ‘ਚ ਜ਼ਾਇਟੋਮਿਰ ਖੇਤਰ ‘ਚ ਸਥਿਤ ਹੈ।

ਹਇਸ ਹਮਲੇ ‘ਚ ਸ਼ਹਿਰ ਦੇ ਕੁਝ ਹਿੱਸੇ ਪੂਰੀ ਤਰ੍ਹਾਂ ਬਰਬਾਦ ਹੋ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਬ੍ਰਿਟੇਨ ਦੇ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਯੂਕਰੇਨ ਦੇ ਵਿਰੋਧ ਦੀ ਤਾਕਤ ਨੇ ਰੂਸ ਨੂੰ ਹੈਰਾਨ ਕਰ ਦਿੱਤਾ ਹੈ। ਰੂਸ ਨੇ ਯੂਕਰੇਨ ਦੇ ਲੋਕਾਂ ਦਾ ਮਨੋਬਲ ਤੋੜਨ ਲਈ ਖਾਰਕੀਵ, ਚੇਰਨੀਹੀਵ ਅਤੇ ਮਾਰੀਉਪੋਲ ਸਮੇਤ ਕਈ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਰਾਜਧਾਨੀ ਕੀਵ ‘ਚ ਵੀ ਕੁਝ ਬੰਬ ਧਮਾਕੇ ਦੇਖੇ ਗਏ ਹਨ। ਕੀਵ ‘ਚ ਹਵਾਈ ਹਮਲਿਆਂ ਦੇ ਸਾਇਰਨ ਲਗਾਤਾਰ ਵੱਜਣੇ ਸ਼ੁਰੂ ਹੋ ਗਏ ਹਨ। ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕਿਵ ‘ਚ ਰਾਤ ਭਰ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਜਿਸ ਕਾਰਨ ਲੋਕਾਂ ‘ਚ ਡਰ ਦਾ ਮਾਹੌਲ ਦੇਖਣ ਨੂੰ ਮਿਲਿਆ।