Site icon TheUnmute.com

ਜਲੰਧਰ ‘ਚ ਇੱਕ ਉਦਯੋਗਪਤੀ ਤੋਂ ਮੰਗੀ 5 ਕਰੋੜ ਰੁਪਏ ਦੀ ਫਿਰੌਤੀ, ਵਿਦੇਸ਼ੀ ਨੰਬਰ ਤੋਂ ਆਈ ਕਾਲ

Narinder Singh Saggu

ਚੰਡੀਗੜ੍ਹ, 06 ਜੂਨ 2023: ਪੰਜਾਬ ਦੇ ਜਲੰਧਰ (Jalandhar)  ਸ਼ਹਿਰ ‘ਚ ਇਕ ਉਦਯੋਗਪਤੀ ਤੋਂ 5 ਕਰੋੜ ਰੁਪਏ ਦੀ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਹਿੰਦ ਪੰਪ ਦੇ ਮਾਲਕ ਅਤੇ ਫੋਕਲ ਪੁਆਇੰਟ ਇੰਡਸਟ੍ਰੀਅਲ ਐਸੋਸੀਏਸ਼ਨ ਦੇ ਮੁਖੀ ਨਰਿੰਦਰ ਸਿੰਘ ਸੱਗੂ ਨੂੰ ਵਿਦੇਸ਼ੀ ਨੰਬਰ ਤੋਂ ਫਿਰੌਤੀ ਦੀ ਕਾਲ ਆਈ ਹੈ। ਫੋਨ ਕਰਨ ਵਾਲੇ ਨੇ ਸੱਗੂ ਨੂੰ ਸਿੱਧੀ ਧਮਕੀ ਦਿੱਤੀ ਹੈ ਕਿ ਜੇਕਰ ਉਸ ਨੇ ਪੈਸੇ ਨਾ ਦਿੱਤੇ ਤਾਂ ਉਹ ਉਸ ਦੇ ਸਿਰ ‘ਤੇ ਗੋਲੀ ਚਲਾ ਦੇਵੇਗਾ।

ਕਥਿਤ ਦੋਸ਼ੀ ਨੇ ਇਹ ਵੀ ਕਿਹਾ ਹੈ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਉਹ ਸੱਗੂ ਦੇ ਪਰਿਵਾਰ ਨੂੰ ਵੀ ਨੁਕਸਾਨ ਪਹੁੰਚਾਏਗਾ। ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਫੋਨ ਸੁਣ ਕੇ ਨਰਿੰਦਰ ਸੱਗੂ ਨੇ ਆਪਣਾ ਫੋਨ ਸਵਿੱਚ ਆਫ ਕਰ ਦਿੱਤਾ ਤਾਂ ਫਿਰੌਤੀ ਦੇਣ ਵਾਲੇ ਨੇ ਉਸ ਦੇ ਲੜਕੇ ਦੇ ਨੰਬਰ ‘ਤੇ ਫੋਨ ਕੀਤਾ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਨਰਿੰਦਰ ਸਿੰਘ ਸੱਗੂ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ 25 ਮਈ ਦੀ ਰਾਤ ਕਰੀਬ 1:30 ਵਜੇ ਫਿਰੌਤੀ ਲਈ ਫ਼ੋਨ ਆਇਆ ਸੀ। ਕਥਿਤ ਦੋਸ਼ੀ ਨੇ ਵਿਦੇਸ਼ੀ ਨੰਬਰ ਤੋਂ ਵਟਸਐਪ ‘ਤੇ ਕਈ ਵਾਰ ਕਾਲ ਕੀਤੀ ਅਤੇ ਆਖਰਕਾਰ ਸੱਗੂ ਨੇ ਫੋਨ ਚੁੱਕਿਆ। ਧਮਕੀ ਭਰਿਆ ਫੋਨ ਮਿਲਣ ‘ਤੇ ਪਰਿਵਾਰ ‘ਚ ਦਹਿਸ਼ਤ ਦਾ ਮਾਹੌਲ ਹੈ। ਪੁਲੀਸ ਨੇ ਸੱਗੂ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ।

ਦੂਜੇ ਪਾਸੇ ਥਾਣਾ ਡਿਵੀਜ਼ਨ ਨੰਬਰ 8 ਦੇ ਇੰਚਾਰਜ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਜਿਸ ਨੰਬਰ ਤੋਂ ਕਾਲ ਆਈ ਸੀ, ਉਸ ਨੰਬਰ ਨੂੰ ਸਾਈਬਰ ਸੈੱਲ ਦੇ ਹਵਾਲੇ ਕਰ ਦਿੱਤਾ ਗਿਆ ਹੈ। ਨੰਬਰ ਟਰੇਸ ਕੀਤਾ ਜਾ ਰਿਹਾ ਹੈ। ਜਲਦੀ ਹੀ ਪਤਾ ਲੱਗ ਜਾਵੇਗਾ ਕਿ ਧਮਕੀ ਭਰੀ ਕਾਲ ਕਿਸ ਨੇ ਕਿੱਥੋਂ ਕੀਤੀ ਸੀ।

Exit mobile version