ਤਰਨ ਤਾਰਨ, 07 ਫਰਵਰੀ 2024: ਰੋਜ਼ੀ-ਰੋਟੀ ਖਾਤਰ ਤੇ ਪਰਿਵਾਰ ਦੇ ਚੰਗੇ ਭਵਿੱਖ ਲਈ ਅੱਜ ਤੋਂ ਅੱਠ ਮਹੀਨੇ ਪਹਿਲਾਂ ਪਿੰਡ ਪੰਜਵੜ ਦੇ ਕੈਨੇਡਾ (Canada) ਗਏ ਇਕ ਨੌਜਵਾਨ ਦੀ ਦਰਦਨਾਕ ਹਾਦਸੇ ਵਿਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਲੜਕੇ ਸੁਬੇਗ ਸਿੰਘ ਉਰਫ ਸੋਨੂ (33 ਸਾਲ) ਦੇ ਪਿਓ ਮਲਕੀਤ ਸਿੰਘ ਵਾਸੀ ਪੰਜਵੜ ਕਲਾਂ ਨੇ ਦੱਸਿਆ ਕਿ ਉਸ ਦਾ ਲੜਕਾ ਸੁਬੇਗ ਸਿੰਘ ਉਰਫ ਸੋਨੂੰ, ਜਿਸ ਨੂੰ ਸੱਤ ਮਹੀਨੇ ਪਹਿਲਾਂ ਉਸਨੇ 25 ਲੱਖ ਰੁਪਿਆ ਕਰਜ਼ਾ ਲੈ ਕੇ ਕੇਨੈਡਾ ਚੰਗੇ ਭਵਿੱਖ ਲਈ ਅਤੇ ਰੋਜ਼ੀ ਰੋਟੀ ਖਾਤਰ ਭੇਜਿਆ ਸੀ।
ਸੁਬੇਗ ਸਿੰਘ ਦਾ ਵਿਆਹ ਚਾਰ ਸਾਲ ਪਹਿਲਾਂ ਸ਼ਰਨਪ੍ਰੀਤ ਕੌਰ ਨਾਲ ਹੋਇਆ ਸੀ, ਜਿਸ ਦੀ ਇਕ ਤਿੰਨ ਸਾਲ ਦੀ ਬੇਟੀ ਹੈ। ਸੁਬੇਗ ਸਿੰਘ ਦੀਆਂ ਦੋ ਭੈਣਾਂ ਅਤੇ ਦੋ ਭਰਾ ਹਨ। ਸੁਬੇਗ ਸਿੰਘ ਕੈਨੇਡਾ (Canada) ਵਿਚ ਟਰੱਕ ਡਰਾਈਵਰ ਦਾ ਕੰਮ ਕਰਦਾ ਸੀ ਜਿੱਥੇ ਬੀਤੇ ਦਿਨੀਂ ਉਸ ਦਾ ਟਰੱਕ ’ਚੋਂ ਭਾਰੀਆਂ ਪੱਥਰ ਦੀ ਸਲੈਬਾਂ ਉਤਾਰਦੇ ਸਮੇਂ ਸਲੈਬ ਦੇ ਹੇਠਾਂ ਆਉਣ ਨਾਲ ਹਾਦਸਾ ਵਾਪਰ ਗਿਆ, ਜਿਸ ਵਿਚ ਉਸ ਦੀ ਦਰਦਨਾਕ ਮੌਤ ਹੋ ਗਈ।