Site icon TheUnmute.com

ਯੁਵਕ ਮੇਲੇ ‘ਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੇ ਸਨਮਾਨ ‘ਚ ਪ੍ਰੋਗਰਾਮ ਕਰਵਾਇਆ

ਯੁਵਕ ਮੇਲੇ

ਐਸ.ਏ.ਐਸ ਨਗਰ 13 ਅਕਤੂਬਰ 2023: ਸਰਕਾਰੀ ਕਾਲਜ ਡੇਰਾ ਬੱਸੀ ਵਿਖੇ ਅੱਜ ਮਿਤੀ 13 ਅਕਤੂਬਰ 2023 ਦਿਨ ਸ਼ੁੱਕਰਵਾਰ ਨੂੰ ਪ੍ਰਿੰਸੀਪਲ ਡਾ. ਸੁਜਾਤਾ ਕੌਸ਼ਲ ਦੀ ਸਰਪ੍ਰਸਤੀ ਹੇਠ ‘ਖ਼ੇਤਰੀ ਯੁਵਕ ਅਤੇ ਲੋਕ ਮੇਲਾ 2023’ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੇ ਸਨਮਾਨ ਵਿਚ ਪ੍ਰੋਗਰਾਮ ਦਾ ਕਰਵਾਇਆ ਗਿਆ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰੋਪੜ-ਫਤਿਹਗੜ੍ਹ ਸਾਹਿਬ ਖੇਤਰ ਦਾ ‘ਖ਼ੇਤਰੀ ਯੁਵਕ ਅਤੇ ਲੋਕ ਮੇਲਾ 2023’ ਮਿਤੀ 09 ਅਕਤੂਬਰ ਤੋਂ 12 ਅਕਤੂਬਰ 2023 ਤੱਕ ਸਰਕਾਰੀ ਕਾਲਜ ਰੋਪੜ ਵਿਖੇ ਕਰਵਾਇਆ ਗਿਆ। ਇਸ ਯੁਵਕ ਮੇਲੇ ਦੀਆਂ 55 ਵੱਖ ਵੱਖ ਮੁਕਾਬਲਾ-ਵੰਨਗੀਆਂ ਵਿਚੋਂ ਸਰਕਾਰੀ ਕਾਲਜ ਡੇਰਾ ਬੱਸੀ ਦੇ ਵਿਦਿਆਰਥੀਆਂ ਨੇ 41 ਮੁਕਾਬਲਿਆਂ ਵਿਚ ਭਾਗ ਲਿਆ।

ਇਹਨਾਂ ਸੰਗੀਤਕ, ਸਾਹਿਤਕ, ਲੋਕ ਕਲਾਵਾਂ, ਕੋਮਲ ਕਲਾਵਾਂ, ਕੁਇਜ਼, ਰੰਗਮੰਚੀ ਕਲਾਵਾਂ ਤੇ ਲੋਕ ਨਾਚਾਂ ਦੀਆਂ ਵਿਭਿੰਨ ਵੰਨਗੀਆਂ ਵਿਚ ਕਾਲਜ ਦੇ ਕੁੱਲ 82 ਵਿਦਿਆਰਥੀਆਂ ਨੇ ਪੇਸ਼ਕਾਰੀਆਂ ਦਿੱਤੀਆਂ। ਇਹਨਾਂ ਵੰਨਗੀਆਂ ਵਿਚੋਂ ਕੁਇਜ਼, ਕਢਾਈ, ਗੁੱਡੀਆਂ ਪਟੋਲੇ, ਕਲੇਅ ਮਾਡਲਿੰਗ, ਕਾਰਟੂਨਿੰਗ, ਆਨ ਦ ਸਪਾਟ ਪੇਂਟਿੰਗ, ਪੋਸਟਰ ਮੇਕਿੰਗ, ਕਵਿਤਾ ਉਚਾਰਣ ਤੇ ਲੋਕ ਗੀਤ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਜਿੱਤਾਂ ਦਰਜ ਕੀਤੀਆਂ।

ਅੱਜ ਵਿਦਿਆਰਥੀ ਭਵਨ ਵਿਚ ਕਰਵਾਏ ਗਏ ਪ੍ਰੋਗਰਾਮ ਵਿਚ ਪ੍ਰਿੰਸੀਪਲ ਡਾ. ਸੁਜਾਤਾ ਕੌਸ਼ਲ ਨੇ ਇਨਾਮ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਯੁਵਕ ਮੇਲੇ ਵਿਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ ਅਤੇ ਅੱਗੇ ਤੋਂ ਹੋਰ ਜ਼ਿਆਦਾ ਮਿਹਨਤ ਕਰਨ ਅਤੇ ਇਸਤੋਂ ਵੀ ਵੱਡੀਆਂ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ। ਪ੍ਰੋ. ਆਮੀ ਭੱਲਾ ਨੇ ਜੇਤੂ ਵਿਦਿਆਰਥੀਆਂ ਨੂੰ ਬਾਕੀ ਵਿਦਿਆਰਥੀਆਂ ਦੇ ਰੂਬਰੂ ਕਰਵਾਉਂਦਿਆਂ ਕਿਹਾ ਕਿ ਯੁਵਕ ਮੇਲੇ ਵਿਚ ਭਾਗ ਲੈਣ ਵਾਲੇ ਸਮੂਹ ਵਿਦਿਆਰਥੀਆਂ ਨੇ ਕਾਲਜ ਦਾ ਨਾਮ ਉੱਚਾ ਕੀਤਾ ਹੈ ਅਤੇ ਸਾਨੂੰ ਇਹਨਾਂ ਵਿਦਿਆਰਥੀਆਂ ਉੱਪਰ ਮਾਣ ਹੈ।

ਪ੍ਰੋਗਰਾਮ ਦੌਰਾਨ ਵਿਦਿਆਰਥਣ ਅਕਵੰਤ ਕੌਰ ਨੇ ਕਵਿਤਾ ਪੇਸ਼ ਕੀਤੀ ਅਤੇ ਵਿਦਿਆਰਥੀ ਕੁਲਵੀਰ ਨੇ ਗ਼ਜ਼ਲ, ਅਤੇ ਗਗਨ ਨੇ ਲੋਕ ਗੀਤ ਦੀ ਪੇਸ਼ਕਾਰੀ ਦਿੱਤੀ। ਮੰਚ ਦਾ ਸੰਚਾਲਨ ਯੂਥ ਕੋਆਰਡੀਨੇਟਰ ਪ੍ਰੋ. ਅਵਤਾਰ ਸਿੰਘ ਨੇ ਕੀਤਾ ਅਤੇ ਵਿਦਿਆਰਥੀਆਂ ਨੂੰ ਅਗਲੇ ਸਾਲ ਯੁਵਕ ਮੇਲੇ ਵਿਚ ਇਸ ਵਾਰ ਨਾਲੋਂ ਵੀ ਵਧੀਆ ਪ੍ਰਦਰਸ਼ਨ ਕਰਨ ਅਤੇ ਹੋਰ ਜਿੱਤਾਂ ਦਰਜ ਕਰਨ ਲਈ ਸਖ਼ਤ ਅਭਿਆਸ ਅਤੇ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ। ਉਹਨਾਂ ਅੰਤ ਵਿਚ ਪ੍ਰਿੰਸੀਪਲ ਡਾ. ਸੁਜਾਤਾ ਕੌਸ਼ਲ, ਇੰਚਾਰਜ ਸਾਹਿਬਾਨ ਅਤੇ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।

Exit mobile version