ਚੰਡੀਗੜ੍ਹ 22 ਅਪ੍ਰੈਲ 2022: ਦਿੱਲੀ ਦੀ ਰੋਹਿਣੀ ਕੋਰਟ (Rohini court) ‘ਚ ਸ਼ੁੱਕਰਵਾਰ ਨੂੰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਸੂਤਰਾਂ ਦੇ ਅਨੁਸਾਰ ਅਦਾਲਤ ਵਿੱਚ ਤਾਇਨਾਤ ਪੁਲੀਸ ਮੁਲਾਜ਼ਮ ਨੇ ਗੋਲੀ ਚਲਾਈ ਗਈ ਹੈ । ਦਿੱਲੀ ਪੁਲਿਸ ਨੇ ਕਿਹਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ, ਪਰ ਦੋ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਮਾਮਲੇ ਦੀ ਜਾਂਚ ਜਾਰੀ ਹੈ।
ਦਿੱਲੀ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਸਵੇਰੇ ਕਰੀਬ 9.40 ਵਜੇ ਰੋਹਿਣੀ ਅਦਾਲਤ ‘ਚ ਦੋ ਵਕੀਲਾਂ ਸੰਜੀਵ ਚੌਧਰੀ, ਰਿਸ਼ੀ ਚੋਪੜਾ ਅਤੇ ਇੱਕ ਹੋਰ ਵਿਅਕਤੀ ਰੋਹਿਤ ਬੇਰੀ ਵਿਚਕਾਰ ਲੜਾਈ ਹੋ ਗਈ ਅਤੇ ਝਗੜੇ ਦੌਰਾਨ ਉਹ ਗੇਟ ਨੰਬਰ 8 ‘ਚ ਦਾਖਲ ਹੋ ਗਏ, ਜਿੱਥੇ ਲੜਾਈ ਜਾਰੀ ਰਹੀ।
ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੇ ਹੋਏ, ਗੇਟ ‘ਤੇ ਤਾਇਨਾਤ ਨਾਗਾਲੈਂਡ ਆਰਮਡ ਪੁਲਿਸ (ਐਨਏਪੀ) ਦੇ ਕਾਂਸਟੇਬਲ ਨੇ ਆਪਣੀ ਸਰਵਿਸ ਗਨ ਤੋਂ ਜ਼ਮੀਨ ਵੱਲ ਗੋਲੀ ਚਲਾ ਦਿੱਤੀ। ਗੋਲੀਬਾਰੀ ਦੇ ਨਤੀਜੇ ਵਜੋਂ ਕੰਕਰੀਟ ਪ੍ਰੋਜੈਕਟਾਈਲਾਂ ਕਾਰਨ ਦੋ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲਿਸ ਮੁਤਾਬਕ ਰੋਹਿਣੀ ਅਦਾਲਤ ਦੇ ਅਹਾਤੇ ‘ਚ ਗੋਲੀਆਂ ਚੱਲਣ ਤੋਂ ਬਾਅਦ ਦਹਿਸ਼ਤ ਫੈਲ ਗਈ। ਫਿਲਹਾਲ ਪੁਲਿਸ ਇਹ ਪਤਾ ਲਗਾਉਣ ਲਈ ਜਾਂਚ ਕਰ ਰਹੀ ਹੈ ਕਿ ਗੋਲੀਬਾਰੀ ਅਚਾਨਕ ਹੋਈ ਜਾਂ ਜਾਣਬੁੱਝ ਕੇ ਹੋਈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰੋਹਿਣੀ ਕੋਰਟ ‘ਚ ਗੋਲੀਬਾਰੀ ਦੀ ਘਟਨਾ ਪਿਛਲੇ ਸਾਲ 26 ਸਤੰਬਰ 2021 ਨੂੰ ਸਾਹਮਣੇ ਆਈ ਸੀ। ਉਸ ਸਮੇਂ ਰੋਹਿਣੀ ਕੋਰਟ ਰੂਮ ਦੇ ਅੰਦਰ ਵਕੀਲ ਦੇ ਰੂਪ ‘ਚ ਆਏ ਦੋ ਗੈਂਗਸਟਰਾਂ ਰਾਹੁਲ ਅਤੇ ਜਗਦੀਪ ਉਰਫ ਜੱਗਾ ਵੱਲੋਂ ਅੰਡਰ ਟਰਾਇਲ ਕੈਦੀ ਜਤਿੰਦਰ ਮਾਨ ਗੋਗੀ ਨੂੰ ਜੱਜ ਦੇ ਸਾਹਮਣੇ ਗੋਲੀ ਮਾਰ ਦਿੱਤੀ ਗਈ ਸੀ। ਪੁਲਿਸ ਦੀ ਜਵਾਬੀ ਗੋਲੀਬਾਰੀ ਵਿੱਚ ਦੋਵੇਂ ਹਮਲਾਵਰ ਵੀ ਮਾਰੇ ਗਏ। ਦੋਵੇਂ ਹਮਲਾਵਰ ਟਿੱਲੂ ਤਾਜਪੁਰੀਆ ਗੈਂਗ ਨਾਲ ਸਬੰਧਤ ਦੱਸੇ ਜਾ ਰਹੇ ਹਨ।