June 16, 2024 7:47 am
ਕੇਕ ਖਾਣ

ਪਟਿਆਲਾ ‘ਚ ਕੇਕ ਖਾਣ ਨਾਲ ਬੱਚੀ ਦੇ ਮੌਤ ਮਾਮਲੇ ‘ਚ ਆਇਆ ਨਵਾਂ ਮੋੜ, ਬੇਕਰੀ ਮਾਲਕ ਨੂੰ ਹਾਈਕੋਰਟ ਵੱਲੋਂ ਮਿਲੀ ਜ਼ਮਾਨਤ

ਚੰਡੀਗ੍ਹੜ, 23 ਮਈ 2024: ਪਟਿਆਲਾ (Patiala) ‘ਚ 10 ਸਾਲਾ ਬੱਚੀ ਮਾਨਵੀ ਦੀ ਆਪਣੇ ਹੀ ਜਨਮ ਦਿਨ ‘ਤੇ ਕੇਕ ਖਾਣ ਤੋਂ ਬਾਅਦ ਮੌਤ ਹੋ ਗਈ ਸੀ । ਇਸ ਮਾਮਲੇ ‘ਚ ਨਵਾਂ ਮੋੜ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਦੋ ਮਹੀਨਿਆਂ ਬਾਅਦ ਬੁੱਧਵਾਰ ਨੂੰ ਪੋਸਟਮਾਰਟਮ ਦੌਰਾਨ ਲਏ ਕੇਕ ਅਤੇ ਵਿਸੇਰਾ ਦੇ ਨਮੂਨਿਆਂ ਦੀ ਰਿਪੋਰਟ ਫੋਰੈਂਸਿਕ ਲੈਬ ਤੋਂ ਆਈ ਹੈ। ਇਹ ਖੁਲਾਸਾ ਹੋਇਆ ਹੈ ਕਿ ਕੇਕ ਵਿੱਚ ਜ਼ਹਿਰੀਲਾ ਪਦਾਰਥ ਨਹੀਂ ਮਿਲਿਆ। ਇਸ ਤੋਂ ਬਾਅਦ ਹਾਈਕੋਰਟ ਨੇ ਬੇਕਰੀ ਮਾਲਕ ਗੁਰਪ੍ਰੀਤ ਸਿੰਘ ਨੂੰ ਜ਼ਮਾਨਤ ਦੇ ਦਿੱਤੀ ਹੈ।

ਪੀੜਤ ਪਰਿਵਾਰ ਅਜੇ ਵੀ ਇਸ ਰਿਪੋਰਟ ਤੋਂ ਸੰਤੁਸ਼ਟ ਨਹੀਂ ਹੈ। ਪਰਿਵਾਰ ਦਾ ਕਹਿਣਾ ਹੈ ਕਿ ਅਜੇ ਤੱਕ ਪੈਥੋਲੋਜੀ ਰਿਪੋਰਟ ਨਹੀਂ ਆਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੰਭਵ ਹੈ ਕਿ ਉਸ ਰਿਪੋਰਟ ਵਿੱਚ ਬੱਚੀ ਦੀ ਮੌਤ ਦਾ ਅਸਲ ਕਾਰਨ ਸਾਹਮਣੇ ਆ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ਼ ਮਿਲ ਸਕੇ। ਮ੍ਰਿਤਕ ਬੱਚੀ ਦੇ ਨਾਨੇ ਨੇ ਕਿਹਾ ਕਿ ਉਹ ਅਦਾਲਤ ਵਿੱਚ ਪੇਸ਼ ਕੀਤੀ ਗਈ ਰਿਪੋਰਟ ਦੇਖ ਕੇ ਹੈਰਾਨ ਰਹਿ ਗਏ ਕਿਉਂਕਿ ਕੇਕ ਖਾਣ ਤੋਂ ਬਾਅਦ ਮਾਨਵੀ ਦੀ ਮੌਤ ਹੋ ਗਈ ਸੀ ਅਤੇ ਕੇਕ ਵਿੱਚੋਂ ਬਦਬੂ ਆ ਰਹੀ ਸੀ ਪਰ ਰਿਪੋਰਟ ਵਿੱਚ ਕੁਝ ਨਹੀਂ ਪਾਇਆ ਗਿਆ।

ਜਿਕਰਯੋਗ ਹੈ ਕਿ 24 ਮਾਰਚ ਨੂੰ ਮਾਨਵੀ ਦਾ 10ਵਾਂ ਜਨਮਦਿਨ ਸੀ। ਇਸ ਦੌਰਾਨ ਆਨਲਾਈਨ ਆਰਡਰ ਕੀਤਾ ਕੇਕ ਖਾਣ ਤੋਂ ਬਾਅਦ ਮਾਨਵੀ ਦੀ ਸਿਹਤ ਵਿਗੜ ਗਈ। ਇਸ ਤੋਂ ਬਾਅਦ ਮਾਨਵੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਨੇ ਸਿਹਤ ਵਿਭਾਗ ਤੋਂ ਮੰਗ ਕੀਤੀ ਕਿ ਕੇਕ ਦਾ ਸੈਂਪਲ ਲੈ ਕੇ ਟੈਸਟ ਕਰਵਾਇਆ ਜਾਵੇ। ਬਾਅਦ ‘ਚ ਬੇਕਰੀ ਦੇ ਮੈਨੇਜਰ ਸਮੇਤ 3 ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ।