ਚੰਡੀਗੜ੍ਹ 23 ਅਗਸਤ 2022: ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣਨ ਤੋਂ ਬਾਅਦ ਸੂਬੇ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਤਿੰਨ ਵੱਡੇ ਕਦਮ ਚੁੱਕੇ ਗਏ ਹਨ। ਸਰਕਾਰ ਨੇ ਆਪਣੇ ਪਹਿਲੇ ਬਜਟ ਵਿੱਚ ਖੇਡਾਂ ਲਈ 52% ਦਾ ਵਾਧਾ ਕੀਤਾ, ਜਿਸ ਨਾਲ ਸਰਕਾਰ ਖੇਡਾਂ ਅਤੇ ਖਿਡਾਰੀਆਂ ਲਈ ਲੋੜੀਂਦਾ ਬੁਨਿਆਦੀ ਢਾਂਚਾ ਤਿਆਰ ਕਰ ਸਕੇ।
ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ, “ਪਿਛਲੇ ਛੇ ਸਾਲਾਂ ਵਿੱਚ ਫੰਡਾਂ ਦੀ ਭਾਰੀ ਕਮੀ ਕਾਰਨ ਖਿਡਾਰੀਆਂ ਕੋਲ ਢੁਕਵੇਂ ਸਾਧਨਾਂ ਅਤੇ ਸਹੂਲਤਾਂ ਦੀ ਘਾਟ ਰਹੀ। ਪਿਛਲੀਆਂ ਸਰਕਾਰਾਂ ਵਿੱਚ ਖੇਡਾਂ ਨੂੰ ਕੋਈ ਤਰਜ਼ੀਹ ਨਹੀਂ ਦਿੱਤੀ ਗਈ।” ਦੂਜਾ ਕਦਮ ਹੈ ਖੇਡ ਵਿਭਾਗ ਦੀ ਨਵੀਂ ਪਹਿਲਕਦਮੀ ‘ਖੇਡਾਂ ਵਤਨ ਪੰਜਾਬ ਦੀਆ’ ਅਤੇ ਤੀਜਾ ਨਵੀਂ ਖੇਡ ਨੀਤੀ ਤਿਆਰ ਕਰਨਾ ਜੋ ਯੋਗ ਖਿਡਾਰੀਆਂ ਨੂੰ ਨੌਕਰੀਆਂ ਮੁਹਈਆ ਕਰਵਾਉਣ ‘ਤੇ ਕੇਂਦਰਿਤ ਹੋਵੇਗੀ।
‘ਖੇਡਾਂ ਵਤਨ ਪੰਜਾਬ ਦੀਆ’ 29 ਅਗਸਤ ਤੋਂ ਸ਼ੁਰੂ ਹੋ ਕੇ ਦੋ ਮਹੀਨੇ ਤੱਕ ਪੰਜਾਬ ਭਰ ਵਿੱਚ ਚੱਲਣਗੀਆਂ। 29 ਅਗਸਤ ਨੂੰ ਹਾਕੀ ਦੇ ਮਹਾਨ ਖਿਡਾਰੀ ਮੇਜਰ ਧਿਆਨ ਚੰਦ ਦਾ ਜਨਮ ਦਿਨ ਹੁੰਦਾ ਹੈ ਅਤੇ ਇਸ ਦਿਨ ਨੂੰ ਰਾਸ਼ਟਰੀ ਖੇਡ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਸਮਾਗਮ ਦੀਆਂ ਤਿਆਰੀਆਂ ਅਤੇ ਪ੍ਰਗਤੀ ਦੀ ਬਾਰੀਕੀ ਨਾਲ ਨਿਗਰਾਨੀ ਕਰ ਰਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਤੋਂ ਇਹਨਾਂ ਖੇਡਾਂ ਦਾ ਉਦਘਾਟਨ ਕਰਨਗੇ।
ਇਹਨਾਂ ਖੇਡਾਂ ਦੇ ਦੋ ਮੁੱਖ ਉਦੇਸ਼ ਹਨ; ਪੰਜਾਬ ਵਿੱਚ ਇੱਕ ਸਿਹਤਮੰਦ ਖੇਡ ਮਾਹੌਲ ਸਿਰਜਣਾ ਜੋ ਨੌਜਵਾਨਾਂ ਨੂੰ ਆਪਣੀ ਊਰਜਾ ਨੂੰ ਖੇਡਾਂ ਵੱਲ ਜੋੜਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰੇਗਾ। ਦੂਜਾ, ਪ੍ਰਤਿਭਾ ਦਾ ਪਤਾ ਲਗਾਉਣਾ ਅਤੇ ਸੰਭਾਵੀ ਖੇਡ ਸਿਤਾਰਿਆਂ ਨੂੰ ਸਹੀ ਮੌਕੇ ਅਤੇ ਸਾਧਨ ਪ੍ਰਦਾਨ ਕਰਵਾਉਣਾ। ਖੇਡਾਂ ਤਿੰਨ ਪੱਧਰਾਂ ‘ਤੇ ਕਰਵਾਈਆਂ ਜਾਣਗੀਆਂ: ਬਲਾਕ, ਜ਼ਿਲ੍ਹਾ ਅਤੇ ਰਾਜ ਪੱਧਰ। ਬਲਾਕ ਪੱਧਰ ਦੇ ਮੁਕਾਬਲੇ 1 ਤੋਂ 7 ਸਤੰਬਰ ਤੱਕ ਹੋਣਗੇ। ਜ਼ਿਲ੍ਹਾ ਪੱਧਰੀ ਖੇਡਾਂ 12 ਸਤੰਬਰ ਤੋਂ 22 ਸਤੰਬਰ ਤੱਕ ਅਤੇ ਰਾਜ ਪੱਧਰੀ ਮੁਕਾਬਲੇ 10 ਅਕਤੂਬਰ ਤੋਂ 21 ਅਕਤੂਬਰ ਤੱਕ ਹੋਣਗੇ।
‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ 30 ਤੋਂ ਵੱਧ ਖੇਡਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਬਲਾਕ ਪੱਧਰੀ ਮੁਕਾਬਲਿਆਂ ਵਿੱਚ ਵਾਲੀਬਾਲ, ਅਥਲੈਟਿਕਸ, ਫੁੱਟਬਾਲ, ਕਬੱਡੀ ਅਤੇ ਖੋ-ਖੋ ਦੇ ਮੁਕਾਬਲੇ ਹੋਣਗੇ। ਜ਼ਿਲ੍ਹਾ ਪੱਧਰ ‘ਤੇ ਇਹਨਾਂ ਖੇਡਾਂ ਦੇ ਨਾਲ-ਨਾਲ ਹੈਂਡਬਾਲ, ਸਾਫਟਬਾਲ, ਜੂਡੋ, ਰੋਲਰ ਸਕੇਟਿੰਗ, ਗੱਤਕਾ, ਕਿੱਕ-ਬਾਕਸਿੰਗ, ਹਾਕੀ, ਨੈੱਟਬਾਲ, ਬੈਡਮਿੰਟਨ, ਬਾਸਕਟਬਾਲ, ਪਾਵਰ ਲਿਫਟਿੰਗ, ਲਾਅਨ ਟੈਨਿਸ, ਕੁਸ਼ਤੀ, ਤੈਰਾਕੀ, ਬਾਕਸਿੰਗ, ਟੇਬਲ ਟੈਨਿਸ ਅਤੇ ਵੇਟ ਲਿਫਟਿੰਗ ਦੇ ਮੁਕਾਬਲੇ ਵੀ ਕਰਵਾਏ ਜਾਣਗੇ | ਰਾਜ ਪੱਧਰ ਉਪਰੋਕਤ ਮੁਕਾਬਲਿਆਂ ਸਮੇਤ ਤੀਰਅੰਦਾਜ਼ੀ, ਨਿਸ਼ਾਨੇਬਾਜ਼ੀ, ਸ਼ਤਰੰਜ, ਰੋਇੰਗ, ਜਿਮਨਾਸਟਿਕ, ਤਲਵਾਰਬਾਜ਼ੀ ਅਤੇ ਪਾਵਰ ਲਿਫਟਿੰਗ ਦੇ ਮੁਕਾਬਲੇ ਹੋਣਗੇ।
ਖੇਡ ਵਿਭਾਗ ਨਾਲ ਜੁੜੇ ਇੱਕ ਅਧਿਕਾਰੀ ਅਨੁਸਾਰ ਉਭਰਦੇ ਅਤੇ ਨੌਜਵਾਨ ਖਿਡਾਰੀਆਂ ਲਈ, ਸ਼੍ਰੇਣੀਆਂ ਅੰਡਰ-14, ਅੰਡਰ-17 ਅਤੇ ਅੰਡਰ-21 ਹਨ, ਫਿਰ 21 ਤੋਂ 40 ਸਾਲ ਦੀ ਉਮਰ ਵਰਗ ਲਈ ਮਾਸਟਰਜ਼ ਕੈਟਾਗਰੀ ਹੈ ਜਿਸ ਵਿੱਚ ਵੱਖ-ਵੱਖ ਖੇਡਾਂ ਦੇ ਉੱਤਮ ਖਿਡਾਰੀ ਸ਼ਾਮਿਲ ਹੋਣਗੇ ਜਦਕਿ ਵੈਟਰਨਜ਼ ਕੈਟਾਗਰੀ ਵਿਚ 40 ਤੋਂ 50 ਅਤੇ 50 ਤੋਂ ਵੱਧ ਉਮਰ ਦੇ ਖਿਡਾਰੀ ਹੋਣਗੇ। ਖਿਡਾਰੀਆਂ ਦੀ ਉਮਰ 1 ਜਨਵਰੀ, 2022 ਦੇ ਅਨੁਸਾਰ ਮੰਨੀ ਜਾਵੇਗੀ।
ਖਿਡਾਰੀ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਭਾਗ ਲੈਣ ਲਈ ਔਨਲਾਈਨ ਅਤੇ ਆਫ਼ਲਾਈਨ ਰਜਿਸਟ੍ਰੇਸ਼ਨ ਕਰਾ ਸਕਦੇ ਹਨ। ਆਨਲਾਈਨ ਐਂਟਰੀ ਲਈ ਇੱਕ ਵੈੱਬ ਪੋਰਟਲ www.punjabkhedmela2022.in ਜਾਰੀ ਕੀਤਾ ਗਿਆ ਹੈ ਅਤੇ ਆਫਲਾਈਨ ਐਂਟਰੀ ਲਈ ਖਿਡਾਰੀ ਜ਼ਿਲ੍ਹਾ ਖੇਡ ਦਫ਼ਤਰਾਂ ਵਿੱਚ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ ਅਤੇ ਰਜਿਸਟ੍ਰੇਸ਼ਨ ਲਈ ਆਖ਼ਿਰੀ ਤਾਰੀਖ਼ 25 ਅਗਸਤ ਰਹੇਗੀ।
ਵਿਭਾਗ ਵੱਲੋਂ ਜ਼ਿਲ੍ਹਾ ਖੇਡ ਪ੍ਰਸ਼ਾਸਨ ਨੂੰ ਵੀ ਹਦਾਇਤ ਕੀਤੀ ਹੈ ਕਿ ਉਹ ਪਿੰਡਾਂ ਦੇ ਖੇਡ ਮੈਦਾਨਾਂ, ਸਕੂਲਾਂ ਅਤੇ ਪੰਚਾਇਤਾਂ ਰਾਹੀਂ ਖਿਡਾਰੀਆਂ ਨਾਲ ਪਹੁੰਚ ਕਰਨ ਤਾਂ ਜੋ ਵੱਧ ਤੋਂ ਵੱਧ ਖਿਡਾਰੀਆਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾ ਸਕੇ। ਖੇਡ ਮੰਤਰੀ ਮੀਤ ਹੇਅਰ ਮੁਤਾਬਕ ਇਸ ਈਵੈਂਟ ‘ਚ 5 ਲੱਖ ਤੋਂ ਵੱਧ ਖਿਡਾਰੀ ਹਿੱਸਾ ਲੈਣਗੇ। ਖਿਡਾਰੀਆਂ ਨੂੰ ਗਰੇਡਿੰਗ ਦੇ ਨਾਲ-ਨਾਲ ਭਾਗੀਦਾਰੀ ਸਰਟੀਫਿਕੇਟ ਵੀ ਦਿੱਤੇ ਜਾਣਗੇ। ਰਾਜ ਪੱਧਰੀ ਜੇਤੂਆਂ ਨੂੰ 5 ਕਰੋੜ ਤੋਂ ਵੱਧ ਦੇ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ।