Congress

4 ਸਤੰਬਰ ਨੂੰ ਦਿੱਲੀ ‘ਚ ਹੋਣ ਵਾਲੀ ਰੈਲੀ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਆਗੂਆਂ ਦੀ ਹੋਈ ਮੀਟਿੰਗ

ਚੰਡੀਗੜ੍ਹ 31 ਅਗਸਤ2022: ਕਾਂਗਰਸ (Congress) ਵੱਲੋਂ 4 ਸਤੰਬਰ ਨੂੰ ਦਿੱਲੀ ਵਿਖੇ ਲੱਕ ਤੋੜ ਮਹਿੰਗਾਈ ਵਿਰੁੱਧ ਕੀਤੀ ਜਾ ਰਹੀ ਰੈਲੀ ਵਿੱਚ ਪੰਜਾਬ ਚੋਂ ਘੱਟੋ-ਘੱਟ 10 ਹਜ਼ਾਰ ਵਰਕਰ ਸ਼ਮੂਲੀਅਤ ਕਰਨਗੇ। ਇਹ ਪ੍ਰਗਟਾਵਾ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਥੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਉਪਰੰਤ ਕੀਤਾ |

ਮੀਟਿੰਗ ਦੀ ਪ੍ਰਧਾਨਗੀ ਏ.ਆਈ.ਸੀ.ਸੀ ਸਕੱਤਰ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨੇ ਕੀਤੀ, ਜਿਸ ਵਿੱਚ ਹੋਰਨਾਂ ਤੋਂ ਇਲਾਵਾ ਵਿਧਾਨ ਸਭਾ ਵਿੱਚ ਕਾਂਗਰਸ ਵਿਧਾਇਕ ਦਲ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਪਾਰਟੀ ਦੇ ਸੰਸਦ ਮੈਂਬਰ, ਸਾਬਕਾ ਮੰਤਰੀ ਅਤੇ ਮੌਜੂਦਾ ਤੇ ਸਾਬਕਾ ਵਿਧਾਇਕ ਹਾਜ਼ਰ ਸਨ।ਵੜਿੰਗ ਨੇ ਕਿਹਾ ਕਿ ਪੰਜਾਬ ਤੋਂ ਕਾਂਗਰਸੀ ਵਰਕਰ ਉਸੇ ਦਿਨ ਦਿੱਲੀ ਪਹੁੰਚ ਜਾਣਗੇ ਅਤੇ ਉੱਥੇ ਉਹ ਦਿੱਲੀ ਦੇ ਬਾਹਰਵਾਰ ਦੋ ਥਾਵਾਂ ‘ਤੇ ਇਕੱਠੇ ਹੋਣਗੇ, ਜਿੱਥੋਂ ਉਹ ਇਕੱਠੇ ਹੋ ਕੇ ਰੈਲੀ ਵਾਲੀ ਥਾਂ ‘ਤੇ ਜਾਣਗੇ।

ਸੂਬਾ ਕਾਂਗਰਸ (Congress) ਪ੍ਰਧਾਨ ਨੇ ਖੁਲਾਸਾ ਕੀਤਾ ਕਿ ਕਾਂਗਰਸੀ ਵਿਧਾਇਕ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਲੜਨ ਵਾਲੇ ਉਮੀਦਵਾਰਾਂ ਨੇ ਅੱਜ ਦੀ ਮੀਟਿੰਗ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਫੈਸਲਾ ਕੀਤਾ ਗਿਆ ਕਿ ਹਰ ਵਿਧਾਇਕ ਅਤੇ ਹਲਕਾ ਇੰਚਾਰਜ ਆਪਣੇ ਨਾਲ ਸੀਮਿਤ ਗਿਣਤੀ ਵਿੱਚ ਹੀ ਲੋਕਾਂ ਨੂੰ ਲੈ ਕੇ ਆਉਣਗੇ।

ਇਹ ਜ਼ਿਆਦਾ ਭੀੜ ਤੋਂ ਬਚਣ ਲਈ ਕੀਤਾ ਗਿਆ ਹੈ, ਕਿਉਂਕਿ ਰਾਸ਼ਟਰੀ ਰਾਜਧਾਨੀ ਤੋਂ ਇਲਾਵਾ ਉੱਤਰੀ ਸੂਬਿਆਂ ਦੇ ਲੋਕ ਵੀ ਪ੍ਰਦਰਸ਼ਨ ਵਿੱਚ ਹਿੱਸਾ ਲੈਣਗੇ। ਮੀਟਿੰਗ ਦੌਰਾਨ ਭਾਰਤ ਜੋੜੋ ਯਾਤਰਾ ਦੀਆਂ ਤਿਆਰੀਆਂ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ, ਜੋ ਕਿ ਆਪਣੇ ਆਖਰੀ ਪੜਾਅ ‘ਤੇ ਪੰਜਾਬ ਪਹੁੰਚੇਗੀ। ਇਹ ਯਾਤਰਾ ਇੱਕ ਹਫ਼ਤੇ ਤੋਂ ਵੱਧ ਸਮੇਂ ਤੱਕ ਪੰਜਾਬ ਵਿੱਚ ਰਹੇਗੀ ਅਤੇ ਜੰਮੂ-ਕਸ਼ਮੀਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਜ਼ਿਆਦਾਤਰ ਹਲਕਿਆਂ ਵਿੱਚੋਂ ਲੰਘੇਗੀ।

Scroll to Top