ਚੰਡੀਗੜ੍ਹ 08 ਮਾਰਚ 2022: ਭਾਰਤ ਦੇ ਲੱਦਾਖ ਹਿੱਸੇ ‘ਚ ਚੀਨ ਨਾਲ ਤਣਾਅ ਕਾਫ਼ੀ ਸਮੇ ਤੋਂ ਬਣਿਆ ਹੋਇਆ ਹੈ | ਇਸਦੇ ਚਲਦੇ ਦੋਵਾਂ ਦੇਸ਼ਾਂ ਵਲੋਂ ਆਪਣੇ ਸੈਨਿਕ ਸੀਮਾਂ ‘ਤੇ ਤਾਇਨਾਤ ਕੀਤੇ ਗਏ ਹਨ | ਇਸਦੇ ਚੱਲਦੇ ਪੂਰਬੀ ਲੱਦਾਖ ‘ਚ ਭਾਰਤ ਅਤੇ ਚੀਨ ਦਰਮਿਆਨ ਚੱਲ ਰਹੇ ਇਸ ਤਣਾਅ ਨੂੰ ਸੁਲਝਾਉਣ ਲਈ ਦੋਵਾਂ ਦੇਸ਼ਾਂ ਦੇ ਫੌਜੀ ਕਮਾਂਡਰ ਪੱਧਰ ਦੀ ਗੱਲਬਾਤ ਦਾ 15ਵਾਂ ਦੌਰ 11 ਮਾਰਚ ਨੂੰ ਹੋਵੇਗੀ। ਇਹ ਫੈਸਲਾ ਭਾਰਤ ਅਤੇ ਚੀਨ ਨੇ ਮਿਲ ਕੇ ਲਿਆ ਹੈ। ਇਹ ਬੈਠਕ ਭਾਰਤ ਵਾਲੇ ਪਾਸੇ ਸਥਿਤ ਚੁਸ਼ੁਲ ਮੋਲਡੋ ‘ਚ ਹੋਵੇਗੀ।
ਇਹ ਜਾਣਕਾਰੀ ਰੱਖਿਆ ਸੂਤਰਾਂ ਨੇ ਮੰਗਲਵਾਰ ਨੂੰ ਦਿੱਤੀ।ਹੁਣ ਤੱਕ 14 ਦੌਰ ਦੀ ਗੱਲਬਾਤ ਤੋਂ ਬਾਅਦ ਪੂਰਬੀ ਲੱਦਾਖ ਦੇ ਪੈਂਗੋਂਗ ਤਸੋ, ਗਲਵਾਨ ਅਤੇ ਗੋਗਰਾ ਗਰਮ ਪਾਣੀ ਵਾਲੇ ਇਲਾਕਿਆਂ ਦੇ ਉੱਤਰੀ ਅਤੇ ਦੱਖਣੀ ਤੱਟਾਂ ਤੋਂ ਫੌਜ ਨੂੰ ਹਟਾਉਣ ਅਤੇ ਤਣਾਅ ਨੂੰ ਖ਼ਤਮ ਕਰਨ ਦਾ ਫੈਸਲਾ ਕੀਤਾ ਗਿਆ। ਦੋਵੇਂ ਧਿਰਾਂ ਹੁਣ ਲੱਦਾਖ ਦੇ ਹੋਰ ਖੇਤਰਾਂ ‘ਚ ਤਣਾਅ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਨਗੇ।