ਚੰਡੀਗੜ੍ਹ 28 ਮਾਰਚ 2022: ਬੀਤੇ ਦਿਨ ਐਤਵਾਰ ਨੂੰ ਪਟਨਾ ਨੇੜੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ (Nitish Kumar) ’ਤੇ ਇਕ ਵਿਅਕਤੀ ਨੇ ਹਮਲਾ ਕਰ ਦਿੱਤਾ। ਇਸ ਘਟਨਾ ਨੂੰ ਲੈ ਕੇ ਪੂਰੇ ਬਿਹਾਰ ‘ਚ ਸਨਸਨੀ ਫੈਲ ਗਈ। ਇਸ ਦੌਰਾਨ ਅਧਿਕਾਰੀਆਂ ਨੇ ਘਟਨਾ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਪਰ ਸੂਤਰਾਂ ਦੇ ਮੁਤਾਬਕ ਇਹ ਹਮਲਾ ਬਖਤਿਆਰਪੁਰ ‘ਚ ਹੋਇਆ।
ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਆਪਣਾ ਮੁੱਢਲਾ ਬਚਪਨ ਬਖਤਿਆਰਪੁਰ ‘ਚ ਬਿਤਾਇਆ ਹੈ। ਨਿਤੀਸ਼ ਕੁਮਾਰ (Nitish Kumar) ਖੇਤਰ ਦੇ ਇਕ ਸੁਤੰਤਰਤਾ ਸੈਨਾਨੀ ਦੀ ਮੂਰਤੀ ’ਤੇ ਸ਼ਰਧਾਂਜਲੀ ਭੇਟ ਕਰ ਰਹੇ ਸਨ।ਇਹ ਘਟਨਾ ਸੀ. ਸੀ. ਟੀ. ਵੀ. ‘ਚ ਕੈਦ ਹੋ ਗਈ ਜਿਸ ‘ਚ ਫੁਟੇਜ ‘ਚ ਹਮਲਾਵਰ ਪਿੱਛਿਓਂ ਆਉਂਦੇ ਅਤੇ ਨਿਤੀਸ਼ ਦੇ ਚਿਹਰੇ ’ਤੇ ਵਾਰ ਕਰਦੇ ਹੋਏ ਦਿਖਾਈ ਦੇ ਰਿਹਾ ਹੈ।
ਇਸ ਦੌਰਾਨ ਟੀ-ਸ਼ਰਟ ਅਤੇ ਪੈਂਟ ਪਹਿਨੀ ਹਮਲਾਵਰ ਨੂੰ ਛੇਤੀ ਹੀ ਮੁੱਖ ਮੰਤਰੀ ਦੇ ਸੁਰੱਖਿਆ ਕਰਮਚਾਰੀਆਂ ਦੁਆਰਾ ਕਾਬੂ ਕਰ ਲਿਆ ਗਿਆ ਅਤੇ ਉਸ ਨੂੰ ਤੁਰੰਤ ਪੁਲਸ ਦੇ ਹਵਾਲੇ ਕਰ ਦਿੱਤਾ। ਇਕ ਹੋਰ ਫੁਟੇਜ ‘ਚ ਹਮਲਾਵਰ ਨੂੰ ਪੁਲਸ ਕਰਮਚਾਰੀ ਖਿੱਚ ਕੇ ਲਿਜਾਂਦੇ ਨਜ਼ਰ ਆ ਰਹੇ ਹਨ। ਪੁਲਸ ਕਰਮਚਾਰੀ ਗੱਲਾਂ ਕਰਦੇ ਸੁਣੇ ਗਏ ਕਿ ‘ਪਾਗਲ’ ਹੈ। ਹਮਲਾਵਰ ਦੀ ਪਛਾਣ ਫੌਰੀ ਨਹੀਂ ਹੋ ਸਕੀ ਹੈ ਅਤੇ ਸਮਝਿਆ ਜਾਂਦਾ ਹੈ ਕਿ ਪੁਲਸ ਉਸ ਨੂੰ ਥਾਣੇ ਲੈ ਗਈ।