July 7, 2024 2:21 pm
ਸ੍ਰੀ ਪੰਜਾ ਸਾਹਿਬ ਦੇ ਸਾਕੇ

ਸ੍ਰੀ ਪੰਜਾ ਸਾਹਿਬ ਦੇ ਸਾਕੇ ਦੀ 100 ਸਾਲਾ ਸ਼ਤਾਬਦੀ ਮਨਾਉਣ ਲਈ ਸਿੱਖ ਸ਼ਰਧਾਲੂਆ ਤੇ ਐੱਸਜੀਪੀਸੀ ਦਾ ਜੱਥਾ ਪਾਕਿਸਤਾਨ ਲਈ ਹੋਇਆ ਰਵਾਨਾ

ਅੰਮ੍ਰਿਤਸਰ 28 ਅਕਤੂਬਰ 2022: ਸ਼ਹੀਦੀ ਸਾਕਾ ਸ੍ਰੀ ਪੰਜਾ ਸਾਹਿਬ ਦੀ 100 ਸਾਲਾ ਸ਼ਤਾਬਦੀ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 30 ਅਕਤੂਬਰ ਨੂੰ ਪਾਕਿਸਤਾਨ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ 100 ਸਾਲਾ ਸ਼ਤਾਬਦੀ ਸਮਾਗਮ ਕਰਵਾਇਆ ਜਾ ਰਿਹਾ ਹੈ | ਜਿਸ ਵਿੱਚ ਸ਼ਮੂਲੀਅਤ ਕਰਨ ਵਾਸਤੇ ਅੰਮ੍ਰਿਤਸਰ ਤੋਂ ਸਿੱਖ ਸ਼ਰਧਾਲੂਆਂ ਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਥਾ ਪਾਕਿਸਤਾਨ ਲਈ ਰਵਾਨਾ ਹੋਇਆ |

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ 30 ਅਕਤੂਬਰ ਨੂੰ ਸ੍ਰੀ ਪੰਜਾ ਸਾਹਿਬ ਪਾਕਿਸਤਾਨ ਵਿਖੇ ਹੋਣ ਵਾਲੇ ਸ਼ਤਾਬਦੀ ਸਮਾਗਮਾਂ ਵਿਚ ਸ਼ਮੂਲੀਅਤ ਲਈ ਭੇਜੇ ਜਾਣ ਵਾਲੇ ਜਥੇ ਵਿਚੋਂ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਦੇ ਵੀਜ਼ੇ ਰੱਦ ਕਰਨ ’ਤੇ ਸ਼ਖਤ ਇਤਰਾਜ ਪ੍ਰਗਟ ਕੀਤਾ।

ਉਨ੍ਹਾਂ ਆਖਿਆ ਕਿ ਸਰਕਾਰਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਸ਼੍ਰੋਮਣੀ ਕਮੇਟੀ ਸਾਬਕਾ ਪ੍ਰਧਾਨ ਭਾਈ ਲੌਂਗੋਵਾਲ ਨੇ ਕਿਹਾ ਕਿ ਰੱਦ ਕੀਤੇ ਵੀਜ਼ਿਆਂ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ, ਰਾਗੀ ਜਥੇ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਸਮੇਤ ਅਧਿਕਾਰੀਆਂ ਦੇ ਨਾਂ ਸ਼ਾਮਲ ਹਨ, ਉਨ੍ਹਾਂ ਕਿਹਾ ਕਿ ਇਸ ਨਾਲ ਪਾਕਿਸਤਾਨ ਸਿੱਖ ਗੁਰਦੁਆਰਾ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਸਾਂਝੇ ਤੌਰ ’ਤੇ ਕੀਤੇ ਜਾ ਰਹੇ ਸ਼ਤਾਬਦੀ ਸਮਾਗਮਾਂ ਦੇ ਪ੍ਰਬੰਧਾਂ ’ਤੇ ਅਸਰ ਪਵੇਗਾ |

ਜ਼ਿਕਰਯੋਗ ਹੈ ਕਿ ਸ੍ਰੀ ਪੰਜਾ ਸਾਹਿਬ ਵਿਖੇ ਵਾਪਰੇ ਸਾਕੇ ਦੀ 100 ਸਾਲਾ ਸ਼ਤਾਬਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਮ੍ਰਿਤਸਰ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਦਰਬਾਰ ਸਾਹਿਬ ਵਿਖੇ ਵੀ ਦੋ ਦਿਨਾਂ ਦਾ ਧਾਰਮਿਕ ਸਮਾਗਮ ਕਰਵਾਇਆ ਗਿਆ ਅਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਮਿਲ ਕੇ ਦੋ ਦਿਨਾ ਸਮਾਗਮ ਪਾਕਿਸਤਾਨ ਵਿਚ ਵੀ ਕੀਤਾ ਜਾ ਰਿਹਾ ਹੈ | ਜਿਸ ਵਿੱਚ ਪਾਕਿਸਤਾਨ ਦੀਆਂ ਸੰਗਤਾਂ ਅਤੇ ਭਾਰਤ ਦੀਆਂ ਸੰਗਤਾਂ ਪਹੁੰਚਣਗੀਆਂ ਅਤੇ ਗੁਰੂਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਨਗੀਆਂ |