Site icon TheUnmute.com

ਖਿਡਾਰੀ ਉਹੀ ਵੱਡਾ ਹੁੰਦਾ ਹੈ ਜੋ ‘ਜਿੱਤ ਜਜ਼ਬ ਅਤੇ ਹਾਰ ਹਜ਼ਮ’ ਕਰ ਸਕੇ: ਨਵਦੀਪ ਗਿੱਲ

ਖਿਡਾਰੀ

ਭਾਰਤੀ ਕ੍ਰਿਕਟ ਟੀਮ ਦਾ 12 ਸਾਲ ਬਾਅਦ ਖਿਤਾਬ ਜਿੱਤਣ ਦਾ ਸੁਪਨਾ ਚਕਨਾਚੂਰ ਹੋ ਗਿਆ | ਲਗਾਤਾਰ 10 ਮੈਚ ਜਿੱਤ ਕੇ ਫਾਈਨਲ ‘ਚ ਪੁੱਜੀ ਭਾਰਤੀ ਟੀਮ 11ਵੇਂ ਮੈਚ ਤੋਂ ਖੁੰਝ ਗਈ। ਆਸਟ੍ਰੇਲੀਆ ਨੇ ਭਾਰਤ ਨੂੰ ਹਰਾ ਕੇ ਛੇਵੀਂ ਵਾਰ ਕ੍ਰਿਕਟ ਵਿਸ਼ਵ ‘ਤੇ ਕਬਜ਼ਾ ਕਰ ਲਿਆ ਹੈ | ਭਾਰਤੀ ਟੀਮ 2003 ਵਿੱਚ ਫਾਈਨਲ ਵਿੱਚ ਆਸਟਰੇਲੀਆ ਹੱਥੋਂ ਮਿਲੀ ਹਾਰ ਦਾ ਬਦਲਾ ਲੈਣ ਤੋਂ ਖੁੰਝ ਗਈ। ਹੁਣ ਕਰੋੜਾਂ ਪ੍ਰਸ਼ੰਸਕਾਂ ਅਤੇ ਖਿਡਾਰੀਆਂ ਨੂੰ ਦੋ ਫਾਈਨਲਾਂ ‘ਚ ਹਾਰ ਦਾ ਬੋਝ ਆਪਣੇ ਮੋਢਿਆਂ ‘ਤੇ ਚੁੱਕਣਾ ਪਵੇਗਾ।

ਇਸਦੇ ਨਾਲ ਹੀ ਸਪੋਰਟਸ ਜਰਨਲਿਸਟ ਨਵਦੀਪ ਗਿੱਲ ਇੱਕ ਪੋਸਟ ਸਾਂਝੀ ਕਰਦਿਆਂ ਲਿਖਦੇ ਹਨ ਕਿ ਜਦੋਂ ਖੇਡਾਂ ਤੇ ਖਿਡਾਰੀਆਂ ਨੂੰ ਜਾਨੂੰਨ ਦੀ ਹੱਦ ਤੱਕ ਪਿਆਰ ਕਰੋ, ਫਰਕ ਤਾਂ ਪੈਦਾ ਹੈ |

ਖੇਡਾਂ ਦੀ ਦੁਨੀਆਂ ਦਾ ਆਲਮ ਹੀ ਨਿਰਾਲਾ ਹੈ। ਇਸ ਤੋਂ ਕੋਈ ਵੀ ਅਭਿੱਜ ਨਹੀਂ ਰਹਿ ਸਕਦਾ। ਇਸ ਦੀ ਸਪੱਸ਼ਟ ਉਦਾਹਰਨ ਬੀਤੀ ਸ਼ਾਮ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਮੌਕੇ ਦੇਖੀ ਜਾ ਸਕਦੀ ਹੈ। ਕੱਲ੍ਹ ਸ਼ਾਮ ਅਜਿਹਾ ਕੋਈ ਵੀ ਨਹੀਂ ਸੀ ਜੋ ਇਸ ਬਾਰੇ ਕੋਈ ਟਿੱਪਣੀਆਂ ਨਾ ਕਰ ਰਿਹਾ ਹੋਵੇ, ਭਾਵੇਂ ਉਸ ਨੂੰ ਖੇਡ ਤੇ ਖਿਡਾਰੀਆਂ ਦਾ ਗਿਆਨ ਹੋਵੇ ਜਾਂ ਨਾ ਹੋਵੇ ਜਾਂ ਫੇਰ ਖੇਡ ਦੀ ਪਿੱਠ ਭੂਮੀ ਅਤੇ ਖਿਡਾਰੀਆਂ ਦਾ ਰਿਕਾਰਡ ਨਾ ਪਤਾ ਹੋਵੇ। ਅੱਜ ਇਨ੍ਹਾਂ ਬਾਰੇ ਨਹੀਂ ਗੱਲ ਕਰਨੀ, ਅੱਜ ਖੇਡਾਂ ਬਾਰੇ ਗੱਲ ਕਰਨੀ ਹੈ।

ਖੇਡਾਂ ਨੂੰ ਖੇਡਣ ਵਾਲਿਆਂ ਵਾਂਗ ਖੇਡਾਂ ਨੂੰ ਦੇਖਣ ਵਾਲੇ ਤੇ ਚਾਹੁਣ ਵਾਲੇ ਅਤੇ ਇਨ੍ਹਾਂ ਨੂੰ ਕਵਰ ਕਰਨ ਵਾਲੇ ਵੀ ਖੇਡਾਂ ਨਾਲ ਪੂਰੇ ਗੜੁੱਚ ਹੁੰਦੇ ਹਨ। ‘ਦੋ ਮੱਲ ਵਿੱਚ ’ਖਾੜੇ ਦੇ ਇਕ ਨੇ ਢਹਿਣਾ ਹੈ’ ਦੇ ਕਥਨ ਅਨੁਸਾਰ ਖੇਡਾਂ ਵਿੱਚ ਜਿੱਤ-ਹਾਰ ਬਣੀ ਆਈ ਹੈ ਅਤੇ ਇਹ ਤੁਹਾਨੂੰ ਖੇਡ ਭਾਵਨਾ ਨਾਲ ਸਵੀਕਾਰ ਵੀ ਕਰਨੀ ਪੈਂਦੀ ਹੈ। ਖਿਡਾਰੀ ਉਹੀ ਵੱਡਾ ਹੁੰਦਾ ਹੈ ਜੋ ‘ਜਿੱਤ ਜਜ਼ਬ ਕਰ ਸਕੇ ਅਤੇ ਹਾਰ ਹਜ਼ਮ’। ਇਹ ਗੱਲ ਖੇਡ ਦਰਸ਼ਕਾਂ ਉਤੇ ਵੀ ਉਨੀ ਹੀ ਢੁੱਕਦੀ ਹੈ ਪਰ ਇੱਥੇ ਕਈ ਦਰਸ਼ਕ ਮਾਤ ਖਾ ਜਾਂਦੇ ਹਨ। ਇਹ ਵੀ ਦੋ ਕਿਸਮ ਦੇ ਹੁੰਦੇ ਹਨ। ਪਹਿਲੇ ਉਹ ਜਿਹੜੇ ਖੇਡ ਤੇ ਖਿਡਾਰੀ ਦੇ ਇੰਨੇ ਦੀਵਾਨੇ ਹੋ ਜਾਂਦੇ ਹਨ ਜੋ ਜਿੱਤ ਵਿੱਚ ਲਲਕਾਰੇ ਅਤੇ ਹਾਰ ਵਿੱਚ ਕੀਰਨੇ ਪਾਉਣ ਲੱਗ ਜਾਂਦੇ ਹਨ। ਦੂਜੇ ਉਹ ਹੁੰਦੇ ਹਨ ਜੋ ਜਿੱਤਣ ਉਤੇ ਕਸੀਦੇ ਪੜ੍ਹਨ ਵਾਲੇ ਇਕ ਹਾਰ ਦੀ ਸੂਰਤ ਵਿੱਚ ਭੰਡਣ ਲੱਗ ਜਾਂਦੇ ਹਨ।

ਅਸਲ ਵਿੱਚ ਖੇਡਾਂ ਦੀ ਦੁਨੀਆਂ ਨੂੰ ਇਹੋ ਗੱਲ ਵੱਖਰਾ ਬਣਾਉਂਦੀ ਹੈ ਕਿ ਇਸ ਨੂੰ ਚਾਹੁਣ ਵਾਲੇ ਸਭ ਮੁਲਕਾਂ, ਸੱਭਿਆਤਾਵਾਂ, ਖਿੱਤਿਆਂ, ਧਰਮਾਂ, ਜਾਤਾਂ ਦੇ ਵਖੇਰਿਆਂ ਨੂੰ ਪਿੱਛੇ ਛੱਡ ਕੇ ਖਿਡਾਰੀਆਂ ਨੂੰ ਦੀਵਾਨਗੀ ਦੀ ਹੱਦ ਤੱਕ ਪਸੰਦ ਕਰਦੇ ਹਨ। ਜੇ ਤੁਸੀਂ ਖੇਡਾਂ ਨੂੰ ਸ਼ਿੱਦਤ ਨਾਲ ਦੇਖਣਾ ਹੈ ਤਾਂ ਜਾਨੂੰਨ ਦੀ ਹੱਦ ਤੱਕ ਦੀਵਾਨਗੀ ਵੀ ਲਾਜ਼ਮੀ ਹੈ, ਨਹੀਂ ਤਾਂ ਤੁਸੀਂ ਵੀ ਕੱਲ੍ਹ ਸ਼ਾਮ ਦੇ ਫ਼ਾਈਨਲ ਨੂੰ ਹੀ ਸਿਰਫ ਦੇਖਣ ਵਾਲਿਆਂ ਵਾਂਗ ਯਕਦਮ ਊਲ-ਜਲੂਲ ਟਿੱਪਣੀਆਂ ਕਰਨ ਲੱਗ ਜਾਵੋਗੇ। ਮੇਰਾ ਨਿੱਜੀ ਵਿਚਾਰ ਹੈ ਕਿ ਖੇਡ ਦੇਖਣ ਦਾ ਸਵਾਦ ਉਦੋਂ ਹੋਰ ਵੀ ਆਉਂਦਾ ਹੈ ਜਦੋਂ ਤੱਕ ਤੁਸੀਂ ਕਿਸੇ ਖਿਡਾਰੀ ਜਾਂ ਟੀਮ ਨੂੰ ਜਾਨੂੰਨ ਦੀ ਹੱਦ ਤੱਕ ਪਿਆਰ ਨਹੀਂ ਕਰਦੇ। ਹਾਂ ਇਕ ਗੱਲ ਜ਼ਰੂਰ ਹੈ, ਆਪਣੇ ਖਿਡਾਰੀ ਜਾਂ ਟੀਮ ਨੂੰ ਪਸੰਦ ਕਰਦੇ ਹੋਏ, ਵਿਰੋਧੀ ਪ੍ਰਤੀ ਤੁਹਾਡੇ ਮਨ ਵਿੱਚ ਮਾੜੇ ਵਿਚਾਰ ਨਹੀਂ ਆਉਣੇ ਚਾਹੀਦੇ।

ਇਕੱਲੀ ਕ੍ਰਿਕਟ ਜਾਂ ਬੀਤੀ ਸ਼ਾਮ ਦੇ ਫ਼ਾਈਨਲ ਦੀ ਗੱਲ ਨਹੀਂ ਕਰਾਂਗਾ। ਖੇਡ ਇਤਿਹਾਸ ਵਿੱਚ ਅਨੇਕਾਂ ਮੌਕੇ ਆਏ ਹਨ ਜਦੋਂ ਇਕ ਟੀਮ ਦਾ ਇਕ ਖਿਡਾਰੀ ਦੀ ਧਿਰ ਬਣ ਕੇ ਮੈਚ ਵੇਖੇ ਹੋਣ ਪਰ ਨਤੀਜੇ ਤੁਹਾਡੇ ਉਮੀਦ ਦੇ ਉਲਟ ਆਏ ਹੋਣ। ਇਨ੍ਹਾਂ ਪਲਾਂ ਨੂੰ ਸਹਾਰਨਾ ਸੌਖਾ ਨਹੀਂ ਹੁੰਦਾ ਕਿਉਂਕਿ ਤੁਸੀਂ ਖਿਡਾਰੀ ਜਾਂ ਟੀਮ ਦੀ ਭਾਵਨਾਵਾਂ ਨਾਲ ਇੰਨੇ ਗੜੁੱਚ ਹੁੰਦੇ ਹੋ ਕਿ ਤੁਹਾਨੂੰ ਉਸ ਖਿਡਾਰੀ ਜਾਂ ਟੀਮ ਦਾ ਹਰ ਦੁੱਖ ਆਪਣਾ ਲੱਗਣ ਲੱਗ ਜਾਂਦਾ ਹੈ। 1994 ਦੇ ਫੀਫਾ ਵਿਸ਼ਵ ਕੱਪ ਵਿੱਚ ਡਿਏਗੋ ਮੈਰਾਡੋਨਾ ਦਾ ਵਿਦਾਇਗੀ ਅਤੇ ਅਰਜਨਟਾਈਨਾ ਦਾ ਰਾਊਂਡ 16 ਵਿੱਚੋਂ ਬਾਹਰ ਹੋਣਾ ਮੇਰੇ ਲਈ ਖੇਡ ਜਗਤ ਵਿੱਚ ਪਹਿਲਾ ਆਸ ਦੇ ਉਲਟ ਨਤੀਜਾ ਸੀ। 1996 ਵਿੱਚ ਕ੍ਰਿਕਟ ਵਿਸ਼ਵ ਕੱਪ ਦੇ ਸੈਮੀ ਫ਼ਾਈਨਲ ਵਿੱਚ ਸ੍ਰੀਲੰਕਾ ਹੱਥੋਂ ਭਾਰਤ ਦੀ ਹਾਰ ਨਾਲ ਵਿਨੋਦ ਕਾਂਬਲੀ ਦੇ ਹੰਝੂਆਂ ਨਾਲ ਈਡਨ ਗਾਰਡਨਜ਼ ਵਿੱਚੋਂ ਬਾਹਰ ਆਉਂਦਿਆਂ ਦੇਖਣਾ ਬਤੌਰ ਖੇਡ ਪ੍ਰੇਮੀ ਦੁਖਦਾਈ ਪਲ ਸੀ।

2000 ਸਿਡਨੀ ਓਲੰਪਿਕਸ ਵਿੱਚ ਭਾਰਤੀ ਹਾਕੀ ਟੀਮ ਦੀ ਆਖਰੀ ਲੀਗ ਮੈਚ ਵਿੱਚ ਪੋਲੈਂਡ ਨਾਲ ਆਖਰੀ ਮਿੰਟ ਵਿੱਚ ਗੋਲ ਕਰਵਾਉਣ ਨਾਲ ਹੋਈ ਬਰਾਬਰੀ ਨਾਲ ਬਾਹਰ ਹੋਣਾ ਅਤੇ ਮੁੱਕੇਬਾਜ਼ ਗੁਰਚਰਨ ਸਿੰਘ ਦਾ ਟੇਬਲ ਅੰਪਾਇਰਿੰਗ ਨਾਲ ਹਾਰ ਕੇ ਮੈਡਲ ਤੋਂ ਇਕ ਕਦਮ ਪਹਿਲਾਂ ਵਾਪਸ ਮੁੜਨਾ ਮੇਰੇ ਲਈ ਓਲੰਪਿਕ ਖੇਡਾਂ ਦੇ ਮੁਕਾਬਲਿਆਂ ਦੇ ਦੁਖਦਾਈ ਪਲ ਸਨ। 2002 ਤੇ 2003 ਦੀਆਂ ਹਾਕੀ ਚੈਂਪੀਅਨਜ਼ ਟਰਾਫੀ ਦੇ ਕਾਂਸੀ ਦੇ ਮੈਡਲ ਮੈਚ। ਕਲੋਨ (ਜਰਮਨੀ) ਤੇ ਐਮਸਟਲਵੀਨ (ਹਾਲੈਂਡ) ਵਿਖੇ ਭਾਰਤ-ਪਾਕਿਸਤਾਨ ਵਿਚਾਲੇ ਖੇਡੇ ਮੈਚਾਂ ਵਿੱਚ ਭਾਰਤ ਨੂੰ ਮਿਲੀ ਹਾਰ ਅਤੇ ਦੋਵੇਂ ਮੌਕਿਆਂ ਉਤੇ ਪਾਕਿਸਤਾਨੀ ਸਟਰਾਈਕਰ ਰੇਹਾਨ ਬੱਟ ਦਾ ਜੇਤੂ ਗੋਲ ਕਰਨਾ ਬਹੁਤ ਚੁਭਿਆ।

ਸਾਲ 2003 ਦਾ ਕ੍ਰਿਕਟ ਵਿਸ਼ਵ ਕੱਪ ਬਿਲਕੁਲ ਬੀਤੀ ਸ਼ਾਮ ਦੇ ਵਿਸ਼ਵ ਕੱਪ ਫ਼ਾਈਨਲ ਵਰਗਾ ਸੀ। ਉਦੋਂ ਵੀ ਭਾਰਤੀ ਟੀਮ ਆਸਟਰੇਲੀਆ ਹੱਥੋਂ ਹਾਰ ਗਈ ਸੀ ਅਤੇ ਮੈਨ ਆਫ ਦਾ ਵਿਸ਼ਵ ਕੱਪ ਵੀ ਹੁਣ ਦੇ ਵਿਰਾਟ ਕੋਹਲੀ ਵਾਂਗ ਉਦੋਂ ਸਚਿਨ ਤੇਂਦੁਲਕਰ ਨੂੰ ਮਿਲਿਆ ਸੀ। 2006 ਦਾ ਫੀਫਾ ਵਿਸ਼ਵ ਕੱਪ ਫ਼ਾਈਨਲ ਜਿਸ ਵਿੱਚ ਫਰਾਂਸ ਤੇ ਇਟਲੀ ਆਹਮੋ-ਸਾਹਮਣੇ ਸਨ। ਫਰਾਂਸ ਦੇ ਮਹਾਨ ਫੁਟਬਾਲਰ ਜ਼ਿਨੇਡਿਨ ਜ਼ਿਡਾਨ ਦਾ ਇਟਲੀ ਦੇ ਡਿਫੈਂਡਰ ਮੈਟਰੇਜੀ ਨਾਲ ਹੈਡਬੱਟ। ਜ਼ਿਡਾਨ ਦਾ ਲਾਲ ਕਾਰਡ ਹਾਸਲ ਕਰਕੇ ਮੈਦਾਨ ਤੋਂ ਬਾਹਰ ਜਾਣਾ ਅਤੇ ਫਿਰ ਫਰਾਂਸ ਦੀ ਹਾਰ ਵੀ ਸਹਾਰੀ ਜਾਣ ਵਾਲੀ ਨਹੀਂ ਸੀ। 2010 ਦੀਆਂ ਰਾਸ਼ਟਰਮੰਡਲ ਖੇਡਾਂ ਦੇ ਪੁਰਸ਼ ਹਾਕੀ ਫ਼ਾਈਨਲ ਵਿੱਚ ਆਸਟਰੇਲੀਆ ਹੱਥੋਂ ਭਾਰਤ ਦੀ 1-8 ਦੀ ਹਾਰ ਵੀ ਹਾਕੀ ਪ੍ਰੇਮੀਆਂ ਲਈ ਵੱਡਾ ਸਦਮਾ ਸੀ।
ਫਰਾਟਾ ਦੌੜਾਂ ਦਾ ਸ਼ਾਹ ਅਸਵਾਰ ਜਮਾਇਕਨ ਅਥਲੀਟ ਓਸੈਨ ਬੋਲਟ ਜਿਹੜਾ ਹਰ ਦੌੜ ਹਿੱਕ ਥਾਪੜ ਕੇ ਜਿੱਤਦਾ ਪਰ ਆਪਣੇ ਆਖਰੀ ਵੱਡੇ ਮੁਕਾਬਲੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ-2017 ਵਿੱਚ 100 ਮੀਟਰ ਦੌੜ ਵਿੱਚ ਤੀਜੇ ਸਥਾਨ ਉਤੇ ਰਹਿ ਗਿਆ।

ਹੈਮਸਟਰਿੰਗ ਕਾਰਨ 200 ਮੀਟਰ ਤੇ 4 ਗੁਣਾਂ 100 ਮੀਟਰ ਰਿਲੇਅ ਦੌੜ ਦਾ ਤਮਗ਼ਾ ਵੀ ਹੱਥੋਂ ਗਿਆ। ਬੋਲਟ ਦੇ ਦੀਵਾਨਿਆਂ ਨੇ ਇਹ ਪਲ ਕਿਤੇ ਚਿਤਵੇ ਵੀ ਨਹੀਂ ਸੀ। ਇਸੇ ਤਰ੍ਹਾਂ ਸੇਰੇਨਾ ਵਿਲੀਅਮਜ਼, ਰਾਫੇਲ ਨਡਾਲ ਦੀ ਕਿਸੇ ਗਰੈਂਡ ਸਲੈਮ ਫ਼ਾਈਨਲ ਵਿੱਚ ਹਾਰ ਉਤੇ ਮਨ ਉਦਾਸ ਹੁੰਦਾ ਰਿਹਾ। ਇਸੇ ਤਰ੍ਹਾਂ ਦੱਖਣੀ ਅਫਰੀਕਾ ਟੀਮ ਨਾਲ 1992 ਦੇ ਵਿਸ਼ਵ ਕੱਪ ਤੇ 1999 ਦੇ ਵਿਸ਼ਵ ਕੱਪ ਵਾਪਰੇ ਦੁਖਾਂਤ ਦਾ ਵੀ ਹਰ ਖੇਡ ਪ੍ਰੇਮੀ ਨੂੰ ਦੁੱਖ ਹੋਇਆ।

ਇਸ ਤੋਂ ਇਲਾਵਾ ਖੇਡ ਇਤਿਹਾਸ ਦੇ ਵਿੱਚ ਹੋਰ ਵੀ ਅਨੇਕਾਂ ਅਜਿਹੇ ਪਲ ਹਨ ਜਿਨ੍ਹਾਂ ਨੂੰ ਮੈਂ ਅੱਖੀ ਨਹੀਂ ਵੇਖਿਆ ਸਿਰਫ ਪੜ੍ਹਿਆ-ਸੁਣਿਆ ਹੀ ਹੈ। ਮਿਸਾਲ ਵਜੋਂ 1960 ਰੋਮ ਓਲੰਪਿਕਸ ਵਿੱਚ ਮਿਲਖਾ ਸਿੰਘ ਦਾ ਸਕਿੰਟ ਦੇ ਦਸਵੇਂ ਹਿੱਸੇ ਨਾਲ ਮੈਡਲ ਤੋਂ ਖੁੰਝ ਜਾਣਾ ਜਿਸ ਦਾ ਦੁੱਖ ਮਿਲਖਾ ਸਿੰਘ ਨੂੰ ਆਪਣੇ ਆਖਰੀ ਪਲਾਂ ਤੱਕ ਰਿਹਾ। 1984 ਲਾਸ ਏਂਜਲਸ ਓਲੰਪਿਕਸ ਵਿੱਚ ਪੀ.ਟੀ.ਊਸ਼ਾ ਦਾ ਸਕਿੰਟ ਦੇ ਸੌਵੇਂ ਹਿੱਸੇ ਨਾਲ ਮੈਡਲ ਤੋਂ ਖੁੰਝਣਾ, ਜਾਵੇਦ ਮਿਆਂਦਾਦ ਦਾ ਚੇਤਨ ਸ਼ਰਮਾ ਦੀ ਆਖਰੀ ਬਾਲ ਉਤੇ ਛੱਕਾ ਜੜ ਕੇ ਮੈਚ ਜਿੱਤਣਾ, 1982 ਏਸ਼ੀਅਨ ਗੇਮਜ਼ ਪੁਰਸ਼ ਹਾਕੀ ਫ਼ਾਈਨਲ ਵਿੱਚ ਭਾਰਤੀ ਟੀਮ ਦਾ ਪਾਕਿਸਤਾਨ ਹੱਥੋਂ 1-7 ਨਾਲ ਹਾਰਨਾ।

ਹੁਣ ਗੱਲ ਕਰਦੇ ਹਾਂ ਬੀਤੀ ਸ਼ਾਮ ਭਾਰਤੀ ਟੀਮ ਦੀ ਮੌਜੂਦਾ ਹਾਰ ਦੀ ਜਿਸ ਬਾਰੇ ਹਰ ਕੋਈ ਟਿੱਪਣੀਆਂ ਕਰ ਰਿਹਾ ਹੈ। 1992 ਤੋਂ ਜਦੋਂ ਤੋਂ ਮੈਂ ਕ੍ਰਿਕਟ ਵੇਖਣੀ ਸ਼ੁਰੂ ਕੀਤੀ ਹੈ ਅਤੇ ਪਿਛਲਾ ਰਿਕਾਰਡ ਵੀ ਜਿੰਨਾ ਦੇਖਿਆ ਹੈ ਤਾਂ ਇਹ ਹੁਣ ਤੱਕ ਦੀ ਸਭ ਤੋਂ ਬਿਹਤਰ ਇਕ ਰੋਜ਼ਾ ਟੀਮ ਹੈ ਜਿਸ ਵਿੱਚ ਸਪੈਸ਼ਲਿਸਟ ਬੱਲੇਬਾਜ਼ ਤੇ ਗੇਂਦਬਾਜ਼ਾਂ ਦੇ ਨਾਲ 7-8 ਮੈਚ ਜਿਤਾਓ ਖਿਡਾਰੀ ਸਨ। ਪੂਰੇ ਵਿਸ਼ਵ ਕੱਪ ਵਿੱਚ ਟੀਮ ਵੱਲੋਂ ਖੇਡੇ 10 ਮੈਚਾਂ ਦੇ ਪ੍ਰਦਰਸ਼ਨ ਨੇ ਇਹ ਗੱਲ ਸੱਚ ਵੀ ਸਾਬਤ ਕੀਤੀ। ਨਹੀਂ ਤਾਂ ਪੰਜਾਬੀ ਟ੍ਰਿਬਿਊਨ ਦੇ ਸੰਪਾਦਕੀ ਅਮਲੇ ਦੇ ਮੇਰੇ ਸੀਨੀਅਰ ਸਾਥੀ ਇੰਦਰਜੀਤ ਭਲਿਆਣ ਕਹਿੰਦੇ ਹੁੰਦੇ ਸਨ ਕਿ ਭਾਰਤ ਲਈ ਜ਼ਿਆਦਾਤਰ ਮੌਕਿਆਂ ਉਤੇ ਤਾਂ ‘ਕਰੋ ਜਾਂ ਮਰੋ ਦੀ ਸਥਿਤੀ’ ਵਾਲਾ ਸਿਰਲੇਖ ਹੀ ਲੱਗਦਾ ਹੈ ਪਰ ਇਸ ਵਾਰ ਭਾਰਤ ਨੇ ਹਰ ਮੈਚ ਸ਼ਾਨਦਾਰ ਤਰੀਕੇ ਨਾਲ ਜਿੱਤਿਆ। ਰਹੀ ਗੱਲ ਫ਼ਾਈਨਲ ਵਿੱਚ ਹਾਰਨ ਦੀ। ਕਿਸੇ ਖਿਡਾਰੀ ਜਾਂ ਟੀਮ ਲਈ ਕੋਈ ਵੀ ਦਿਨ ਮਾੜਾ ਹੋ ਸਕਦਾ। 100 ਤੋਂ ਵੱਧ ਔਸਤ ਨਾਲ ਪੂਰਾ ਟੈਸਟ ਕਰੀਅਰ ਖੇਡਣ ਵਾਲੇ ਦੁਨੀਆਂ ਦੇ ਮਹਾਨ ਕ੍ਰਿਕਟਰ ਡਾਨ ਬਰੈਡਮੈਨ ਵੀ ਆਖਰੀ ਮੈਚ ਵਿੱਚ ਸਿਫ਼ਰ ਉਤੇ ਆਊਟ ਹੋ ਗਏ ਸਨ ਜਦੋਂ ਉਨ੍ਹਾਂ ਨੂੰ 100 ਦੀ ਕਰੀਅਰ ਔਸਤ ਲਈ ਸਿਰਫ 4 ਦੌੜਾਂ ਦੀ ਲੋੜ ਸੀ।

ਰੋਹਿਤ ਸ਼ਰਮਾ ਦੇ ਆਊਟ ਹੋਣ ਉਤੇ ਹਰ ਕੋਈ ਟਿੱਪਣੀ ਕਰ ਰਿਹਾ ਹੈ ਕਿ ਇਕ ਛੱਕਾ ਤੇ ਚੌਕਾ ਜੜਨ ਤੋਂ ਬਾਅਦ ਉਸ ਨੂੰ ਤੀਜਾ ਸ਼ਾਟ ਖੇਡਣ ਦੀ ਲੋੜ ਨਹੀਂ ਸੀ। ਇਹ ਟਿੱਪਣੀ ਕਰਨ ਵਾਲੇ ਪਹਿਲਾਂ ਉਸ ਦੀ 47 ਦੌੜਾਂ ਦੀ ਪਾਰੀ ਦੇਖ ਲੈਣ ਜਿਸ ਵਿੱਚ ਉਸ ਨੇ ਕਈ ਸ਼ਾਟ ਇਸੇ ਤਰ੍ਹਾਂ ਖੇਡੇ ਅਤੇ ਉਹ ਸਫਲ ਹੋਇਆ। ਆਸਟਰੇਲੀਅਨ ਟੀਮ ਸਾਡੇ ਨਾਲੋਂ ਬਿਹਤਰ ਖੇਡੀ ਇਸ ਲਈ ਜਿੱਤ ਗਈ। ਉਨ੍ਹਾਂ ਦੀ ਤਾਰੀਫ ਕਰਨੀ ਬਣਦੀ ਹੈ ਪਰ ਭਾਰਤੀ ਟੀਮ ਨੂੰ ਨਿੰਦਣਾ ਸਹੀਂ ਨਹੀਂ। ਬਿਨਾਂ ਸ਼ੱਕ ਆਸਟਰੇਲੀਅਨ ਟੀਮ ਵੱਡੇ ਮੈਚਾਂ ਤੇ ਵੱਡੇ ਟੂਰਨਾਮੈਂਟ ਦੀ ਟੀਮ ਹੈ ਜਿਵੇਂ ਕਿ ਦੱਖਣੀ ਅਫਰੀਕਾ ਵੱਡੇ ਮੁਕਾਬਲਿਆਂ ਵਿੱਚ ਵੱਡੇ ਮੈਚ ਵਿੱਚ ਅਸਫਲ ਹੋ ਜਾਂਦੀ ਹੈ। ਆਸਟਰੇਲੀਅਨ ਟੀਮ ਦੇ ਚੰਗੇ ਪਹਿਲੂਆਂ ਤੋਂ ਸਿੱਖਣ ਦੀ ਲੋੜ ਹੈ ਜਿਵੇਂ ਕਿ ਉਨ੍ਹਾਂ ਟਾਸ ਜਿੱਤ ਕੇ ਲਿਆ ਫੈਸਲਾ ਅਤੇ ਫੇਰ ਭਾਰਤੀ ਬੱਲੇਬਾਜ਼ਾਂ ਨੂੰ ਸ਼ਾਰਟ ਬਾਲਾਂ ਖਿਡਾਉਂਦਿਆਂ ਫੀਲਡਿੰਗ ਲੈਗ ਸਾਈਡ ਤੇ ਵਿਕਟ ਦੇ ਪਿੱਛੇ ਲਗਾਉਣਾ। ਟਰੈਵਿਸ ਹੈਡ ਦੀ ਹਮਲਾਵਰ ਪਹੁੰਚ ਅਤੇ ਲਾਬੂਸ਼ੇਨ ਦੀ ਰੱਖਿਅਤਮਕ ਪਹੁੰਚ। ਫੀਲਡਿੰਗ ਦਾ ਪੱਧਰ ਸਿਖਰ ਉਤੇ ਲਿਜਾਣਾ।

ਮੇਰਾ ਅਕਸਰ ਕਹਿਣਾ ਹੁੰਦਾ ਹੈ ਕਿ ਕੋਈ ਵੀ ਖਿਡਾਰੀ ਹਾਰਨ ਜਾਂ ਆਪਣਾ ਮਾੜਾ ਪ੍ਰਦਰਸ਼ਨ ਦਿਖਾਉਣ ਲਈ ਨਹੀਂ ਖੇਡਦਾ (ਹਾਲਾਂਕਿ ਪਿੱਛੇ ਇਤਿਹਾਸ ਵਿੱਚ ਮੈਚ ਫਿਕਸਿੰਗ ਦੀਆਂ ਕੁਝ ਘਟਨਾਵਾਂ ਨੇ ਇਹ ਧਾਰਨਾ ਗਲਤ ਸਾਬਤ ਕੀਤੀ ਹੈ ਪਰ ਹਰ ਵਾਰ ਹੀ ਖਿਡਾਰੀ ਉਤੇ ਸ਼ੱਕ ਕਰਨਾ ਸਹੀ ਨਹੀਂ।) ਇਸ ਸਾਲ ਹੋਏ ਹਾਕੀ ਵਿਸ਼ਵ ਕੱਪ ਵਿੱਚ ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਤੋਂ ਪੈਨਲਟੀ ਸਟਰੋਕ ਮਿੱਸ ਕਰਨ ਉਤੇ ਹਰ ਕੋਈ ਸੋਸ਼ਲ ਮੀਡੀਆ ਉਤੇ ਉਸ ਨੂੰ ਭੰਡਣ ਲੱਗ ਗਿਆ ਸੀ ਪਰ ਇਸੇ ਹਰਮਨਪ੍ਰੀਤ ਸਿੰਘ ਨੇ ਏਸ਼ੀਅਨ ਗੇਮਜ਼ ਵਿੱਚ ਗੋਲਾਂ ਦੀਆਂ ਝੜੀਆਂ ਲਗਾ ਕੇ ਭਾਰਤ ਨੂੰ ਗੋਲਡ ਮੈਡਲ ਜਿਤਾਇਆ।

ਖੇਡਾਂ ਨੂੰ ਦੇਖਦੇ ਹੋਏ ਖਿਡਾਰੀਆਂ ਨੂੰ ਪਿਆਰ ਕਰਨਾ ਸਿੱਖੋਂ। ਛੋਟੀ-ਛੋਟੀ ਗੱਲ ਉਤੇ ਨਿੰਦਣ ਜਾਂ ਭੰਡਣ ਨਾ ਲੱਗ ਜਾਇਆ ਕਰੋ। ਖਿਡਾਰੀਆਂ ਨੂੰ ਚਾਹੁਣ ਵਾਲਿਆਂ ਨੂੰ ਖਿਡਾਰੀਆਂ ਬਾਰੇ ਟਿੱਪਣੀ ਕਰਨ ਦਾ ਹੱਕ ਜ਼ਰੂਰ ਹੁੰਦਾ ਪਰ ਇਹ ਟਿੱਪਣੀ ਵੀ ਉਸਾਰੂ ਹੋਣੀ ਚਾਹੀਦੀ ਹੈ। ਦੋ ਦਿਨ ਪਹਿਲਾਂ ਰੋਹਿਤ ਸ਼ਰਮਾ ਦੀ ਕਪਤਾਨੀ, ਰਾਹੁਲ ਦਰਾਵਿੜ ਦੀ ਕੋਚਿੰਗ ਦੇ ਸੋਹਲੇ ਗਾਉਣ ਵਾਲੇ ਰਾਤ ਲਿਖ ਰਹੇ ਸਨ, ‘ਕੀ ਹੁਣ ਰੋਹਿਤ ਦੀ ਕਪਤਾਨੀ ਤੇ ਰਾਹੁਲ ਦੀ ਕੋਚਿੰਗ ਦਾ ਸਮਾਂ ਪੁੱਗ ਗਿਆ’?
ਫ਼ਾਈਨਲ ਦੀ ਹਾਰ ਤੋਂ ਬਾਅਦ ਭਾਰਤੀ ਖਿਡਾਰੀਆਂ ਦੇ ਨਮ ਚਿਹਰੇ ਅਤੇ ਰੋਹਿਤ ਸ਼ਰਮਾ ਦਾ ਭਰੀਆਂ ਅੱਖਾਂ ਨਾਲ ਪੈਵੇਲੀਅਨ ਜਾਣਾ ਖੇਡ ਪ੍ਰੇਮੀਆਂ ਵਰ੍ਹਿਆਂ ਤੱਕ ਚੀਸ ਪਹੁੰਚਦਾ ਰਹੇਗਾ ਪਰ ਇਹੋ ਭਾਵਨਾ ਖਿਡਾਰੀ ਨੂੰ ਕੁਝ ਕਰ ਗੁਜ਼ਰਨ ਲਈ ਪ੍ਰੇਰਦੀ ਹੈ ਜਿਵੇਂ ਕਿ 2014 ਵਿੱਚ ਫੀਫਾ ਵਿਸ਼ਵ ਕੱਪ ਦੇ ਫ਼ਾਈਨਲ ਦੀ ਹਾਰ ਤੋਂ ਬਾਅਦ 2022 ਵਿੱਚ ਲਿਓਨਲ ਮੈਸੀ ਨੇ ਫੀਫਾ ਵਿਸ਼ਵ ਕੱਪ ਜਿੱਤਿਆ। ਸਚਿਨ ਤੇਂਦੁਲਕਰ, ਵਿਰੇਂਦਰ ਸਹਿਵਾਗ, ਜ਼ਹੀਰ ਖਾਨ, ਯੁਵਰਾਜ ਸਿੰਘ ਨੇ 2003 ਦੀ ਫ਼ਾਈਨਲ ਦੀ ਹਾਰ ਤੋਂ ਬਾਅਦ 2011 ਵਿੱਚ ਵਿਸ਼ਵ ਕੱਪ ਜਿੱਤਿਆ। ਇਸ ਸਾਰੇ ਮਾਹੌਲ ਉਤੇ ਪ੍ਰਸਿੱਧ ਕੁਮੈਂਟੇਟਰ ਹਰਸ਼ਾ ਭੋਗਲੇ ਅਤੇ ਸੀਨੀਅਰ ਖੇਡ ਪੱਤਰਕਾਰ ਉਤਰਾ ਗਨੇਸਨ ਦੀਆਂ ਟਿੱਪਣੀਆਂ ਵੀ ਬਾਕਮਾਲ ਸਨ।

Exit mobile version