ਚੰਡੀਗੜ੍ਹ 10 ਸਤੰਬਰ 2022: ਟੀਕਾ ਬਣਾਉਣ ਵਾਲੀ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ (Serum Institute of India) ਤੋਂ ਇਕ ਕਰੋੜ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਣੇ ਪੁਲਿਸ ਨੇ ਸ਼ਨੀਵਾਰ ਨੂੰ ਕਿਹਾ ਕਿ ਧੋਖਾਧੜੀ ਕਰਨ ਵਾਲਿਆਂ ਨੇ SII ਦੇ ਸੀਈਓ ਅਦਾਰ ਪੂਨਾਵਾਲਾ ਦੇ ਨਾਮ ‘ਤੇ ਸੰਦੇਸ਼ ਭੇਜੇ ਸਨ ਅਤੇ ਪੈਸੇ ਟ੍ਰਾਂਸਫਰ ਕਰਨ ਦੀ ਮੰਗ ਕੀਤੀ ਸੀ।
ਸਥਾਨਕ ਪੁਲਿਸ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਧੋਖਾਧੜੀ ਬੁੱਧਵਾਰ ਅਤੇ ਵੀਰਵਾਰ ਦਰਮਿਆਨ ਹੋਈ। ਮਾਮਲੇ ਵਿੱਚ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਗਈ ਹੈ। ਐਫਆਈਆਰ ਦੇ ਅਨੁਸਾਰ ਐਸਆਈਆਈ ਦੇ ਇੱਕ ਡਾਇਰੈਕਟਰ, ਸਤੀਸ਼ ਦੇਸ਼ਪਾਂਡੇ ਨੂੰ ਇੱਕ ਵਿਅਕਤੀ ਨੇ ਵਟਸਐਪ ‘ਤੇ ਸੁਨੇਹਾ ਭੇਜਿਆ ਸੀ। ਮੈਸੇਜ ‘ਚ ਉਸ ਨੇ ਖੁਦ ਨੂੰ ਅਦਾਰ ਪੂਨਾਵਾਲਾ ਦੱਸਿਆ ਹੈ। ਉਸ ਨੇ ਦੇਸ਼ਪਾਂਡੇ ਨੂੰ ਪੈਸੇ ਤੁਰੰਤ ਕੁਝ ਬੈਂਕ ਖਾਤਿਆਂ ਵਿੱਚ ਟਰਾਂਸਫਰ ਕਰਨ ਲਈ ਕਿਹਾ।
ਕੰਪਨੀ ਦੇ ਅਧਿਕਾਰੀਆਂ ਨੇ 1,01,01,554 ਰੁਪਏ ਆਨਲਾਈਨ ਟ੍ਰਾਂਸਫਰ ਕੀਤੇ, ਪਰ ਬਾਅਦ ਵਿੱਚ ਪਤਾ ਲੱਗਾ ਕਿ ਪੂਨਾਵਾਲਾ ਨੇ ਕੋਈ ਵਟਸਐਪ ਸੰਦੇਸ਼ ਨਹੀਂ ਭੇਜਿਆ ਸੀ। ਮਾਮਲੇ ਦੀ ਜਾਂਚ ਚੱਲ ਰਹੀ ਹੈ। ਦੱਸ ਦੇਈਏ ਕਿ SII ਕੋਰੋਨਾ ਵੈਕਸੀਨ ਕੋਵਿਸ਼ੀਲਡ ਦਾ ਨਿਰਮਾਣ ਕਰ ਰਹੀ ਹੈ।