ਚੰਡੀਗ੍ਹੜ 09 ਜੁਲਾਈ 2022: ਲੁਧਿਆਣਾ ਰੇਲਵੇ ਸਟੇਸ਼ਨ (Ludhiana railway station) ‘ਤੇ ਅੱਜ ਸਵੇਰੇ ਪਲੇਟਫਾਰਮ ਨੰਬਰ 4 ‘ਤੇ ਖੜ੍ਹੀ ਇੱਕ ਯਾਤਰੀ ਰੇਲ ਗੱਡੀ ‘ਚ ਅਚਾਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਰੇਲ ਗੱਡੀ ਹਿਸਾਰ ਲਈ ਰਵਾਨਾ ਹੋਣ ਵਾਲੀ ਸੀ | ਰੇਲ ਗੱਡੀ ਦੇ ਡੱਬੇ ‘ਚ ਅੱਗ ਲੱਗਣ ਨਾਲ ਹਫੜਾ-ਦਫੜੀ ਮੱਚ ਗਈ | ਇਸ ਘਟਨਾ ਦੀ ਸੂਚਨਾ ਮਿਲਣ ‘ਤੇ ਰੇਲਵੇ ਪੁਲਿਸ ਦੇ ਅਧਿਕਾਰੀ ਅਤੇ ਫਾਇਰ ਬ੍ਰਿਗੇਡ ਦਾ ਅਮਲਾ ਮੌਕੇ ‘ਤੇ ਪਹੁੰਚੇ ਅਤੇ ਅੱਗ ਤੇ ਕਾਬੂ ਪਾ ਲਿਆ ਗਿਆ ।
ਇਸ ਦੌਰਾਨ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਕਿਸੇ ਯਾਤਰੀ ਨੇ ਬੀੜੀ ਸੀਟ ‘ਤੇ ਸੁੱਟ ਦਿੱਤੀ, ਜਿਸ ਕਾਰਨ ਡੱਬੇ ‘ਚ ਅੱਗ ਲੱਗ ਗਈ ਪਰ ਅੱਗ ‘ਤੇ ਸਹੀ ਸਮੇਂ ਤੇ ਕਾਬੂ ਪਾ ਲਿਆ ਗਿਆ ਹੈ। ਜਿਕਰਯੋਗ ਹੈ ਕਿ ਅੱਜ ਏਡੀਜੀਪੀ ਗੁਰਪ੍ਰੀਤ ਕੌਰ ਨੇ ਲੁਧਿਆਣਾ ਸਟੇਸ਼ਨ ‘ਤੇ ਚੈਕਿੰਗ ਕਰਨੀ ਹੈ। ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਸਟੇਸ਼ਨ ‘ਤੇ ਪੁਲਿਸ ਅਧਿਕਾਰੀ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਸਨ।