Site icon TheUnmute.com

ਖੇਤੀ ਬੁਨਿਆਦੀ ਢਾਂਚਾ ਫੰਡ ਸਕੀਮ ਅਧੀਨ ਵਿਆਜ ’ਤੇ ਦਿੱਤੀ ਜਾਵੇਗੀ 3 ਫ਼ੀਸਦੀ ਦੀ ਛੋਟ

ਖੇਤੀ ਬੁਨਿਆਦੀ ਢਾਂਚਾ ਫੰਡ ਸਕੀਮ

ਨਵਾਂਸ਼ਹਿਰ 24 ਨਵੰਬਰ 2022: ਡਾਇਰੈਕਟਰ ਬਾਗਬਾਨੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹੇ ਦੇ ਅਗਾਂਹਵਧੂ ਉਦਮੀਆਂ ਜੋ ਕਿ ਖੇਤੀ ਨਾਲ ਸਬੰਧਤ ਬੁਨਿਆਦੀ ਢਾਂਚੇ ਜਿਵੇਂ ਕਿ ਕੋਲਡ ਸਟੋਰ, ਰਾਈਪਨਿੰਗ ਚੈਂਬਰ, ਸੈਲਰ, ਰੀਫਿਲ ਬੈਨਰ ਅਤੇ ਫਸਲਾਂ ਨਾਲ ਸਬੰਧਤ ਮਸ਼ੀਨਰੀ ਆਦਿ ਹਾਸਲ ਕਰਦੇ ਹਨ, ਨੂੰ ਬੈਂਕ ਪਾਸੋਂ ਲਏ ਕਰਜ਼ੇ ਦੇ ਵਿਆਜ਼ ’ਤੇ 3 ਫ਼ੀਸਦੀ ਦੀ ਛੋਟ ਦਿੱਤੀ ਜਾ ਰਹੀ ਹੈ।

ਇਹ ਜਾਣਕਾਰੀ ਦਿੰਦਿਆਂ ਡਾ. ਪਰਮਜੀਤ ਸਿੰਘ ਬਾਗਬਾਨੀ ਵਿਕਾਸ ਅਫਸਰ-ਕਮ-ਨੋਡਲ ਅਫ਼ਸਰ ਪੰਜਾਬ ਨੇ ਦੱਸਿਆ ਕਿ ਭਾਰਤ ਸਰਕਾਰ ਨੇ 1 ਲੱਖ ਕਰੋੜ ਰੁਪਏ ਦਾ ਕਾਰਪਸ ਫੰਡ ਬਣਾਇਆ ਹੈ ਜੋ ਕਿ 2020-21 ਤੋਂ 2029-30 ਤੱਕ ਚੱਲੇਗਾ। ਇਸ ਸਕੀਮ ਤਹਿਤ ਲਏ ਜਾਣ ਵਾਲੇ ਕਰਜ਼ੇ ’ਤੇ 2 ਕਰੋੜ ਰੁਪਏ ਤੱਕ 3 ਫੀਸਦੀ ਵਿਆਜ ਦੀ ਛੋਟ ਦੀ ਸਹੂਲਤ ਉਪਲੱਬਧ ਹੋਵੇਗੀ।

ਸਾਰੇ ਬੈਕਾਂ ਜਿਨ੍ਹਾਂ ਵਿੱਚ ਵਪਾਰਕ ਬੈਂਕ, ਸਹਿਕਾਰੀ ਬੈਂਕ, ਛੋਟੇ ਵਿੱਤੀ ਬੈਂਕ ਸ਼ਾਮਿਲ ਹਨ, ਨਾਬਾਰਡ ਨਾਲ ਸਮਝੌਤਾ ਹੋਣ ਉਪਰੰਤ ਇਹ ਵਿੱਤੀ ਸਹੂਲਤ ਪ੍ਰਦਾਨ ਕਰ ਸਕਣਗੇ। ਇਸ ਸਕੀਮ ਤਹਿਤ ਕਿਸਾਨਾਂ, ਐਫ.ਪੀ.ਓਜ਼, ਪੀ.ਏ.ਸੀ.ਐਸ ਅਤੇ ਖੇਤੀ ਤਕਨੀਕ ਨਾਲ ਸਬੰਧਤ ਉਦਮੀਆਂ ਨੂੰ ਕਰਜ਼ੇ ਦੀ ਸਹੂਲਤ ਮਿਲ ਸਕੇਗੀ। ਇਸ ਸਕੀਮ ਰਾਹੀਂ ਫਸਲ ਦੀ ਕਟਾਈ ਤੋਂ ਬਾਅਦ ਉਸਦੇ ਸਹੀ ਪ੍ਰਬੰਧਨ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਜਿਵੇਂ ਕਿ ਸਪਲਾਈ ਚੇਨ ਸੇਵਾਵਾਂ, ਈ-ਮਾਰਕੀਟਿੰਗ, ਗੋਦਾਮ, ਸਾਈਲੋ, ਅਨਾਜ ਗੁਣਵੱਤਾ ਵਿਸ਼ਲੇਸ਼ਣ ਇਕਾਈਆਂ, ਕੋਲਡ ਸਟੋਰੇਜ, ਕਲੈਕਸ਼ਨ ਸੈਂਟਰ, ਪ੍ਰੋਸੈਸਿੰਗ ਇਕਾਈਆਂ, ਰਾਈਪਨਿੰਗ ਚੈਂਬਰ, ਪੈਕ ਹਾਊਸ ਆਦਿ ’ਤੇ ਉਪਲੱਬਧ ਹੈ। ਜ਼ਿਲ੍ਹੇ ਦੇ ਕਿਸਾਨ ਅਤੇ ਉਦਯੋਗਪਤੀ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈ ਸਕਦੇ ਹਨ।

Exit mobile version