Site icon TheUnmute.com – Punjabi News

ਚੋਣ ਜਾਬਤੇ ਦੀ ਉਲੰਘਣਾ ਸਬੰਧੀ ਸੀ ਵਿਜਲ ਐਪ ਰਾਹੀਂ ਕੀਤੀ ਜਾ ਸਕਦੀ ਹੈ ਸ਼ਿਕਾਇਤ

ਚੋਣ ਜਾਬਤੇ

ਸ੍ਰੀ ਮੁਕਤਸਰ ਸਾਹਿਬ, 26 ਮਾਰਚ 2024: ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਹੈ ਕਿ ਆਦਰਸ਼ ਚੋਣ ਜਾਬਤੇ ਨੂੰ ਸਖਤੀ ਨਾਲ ਲਾਗੂ ਕਰਨ ਲਈ ਚੋਣ ਕਮਿਸ਼ਨ ਵੱਲੋਂ ਲਗਾਤਾਰ ਉਪਰਾਲੇ ਜਾਰੀ ਹਨ। ਉਹਨਾਂ ਨੇ ਕਿਹਾ ਕਿ ਇਸੇ ਲੜੀ ਤਹਿਤ ਚੋਣ ਕਮਿਸ਼ਨ ਨੇ ਸੀ ਵਿਜਲ ਨਾਂ ਦੀ ਮੋਬਾਇਲ ਐਪ ਲਾਂਚ ਕੀਤੀ ਹੈ। ਇਸ ਐਪ ਰਾਹੀਂ ਕੋਈ ਵੀ ਵਿਅਕਤੀ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਇਸ ਤਰ੍ਹਾਂ ਦਰਜ ਕਰਾਈ ਸ਼ਿਕਾਇਤ ’ਤੇ 100 ਮਿੰਟ ਦੇ ਅੰਦਰ-ਅੰਦਰ ਕਾਰਵਾਈ ਕੀਤੀ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਇਹ ਐਪ ਉਸ ਲੋਕੇਸ਼ਨ ਨੂੰ ਆਪਣੇ-ਆਪ ਚੱਕ ਲੈਂਦੀ ਹੈ ਜਿੱਥੋਂ ਵਿਅਕਤੀ ਸ਼ਿਕਾਇਤ ਕਰ ਰਿਹਾ ਹੈ ਅਤੇ ਕੈਮਰੇ ਨਾਲ ਲਾਈਵ ਫੋਟੋ ਜਾਂ ਵੀਡੀਓ ਸ਼ੂਟ ਕਰਕੇ ਅਪਲੋਡ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਇਸ ਐਪ ’ਤੇ ਸਿਰਫ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਸ਼ਿਕਾਇਤਾਂ ਹੀ ਭੇਜੀਆਂ ਜਾਣ ਅਤੇ ਆਮ ਵੱਖ-ਵੱਖ ਵਿਭਾਗਾਂ ਨਾਲ ਸੰਬੰਧਿਤ ਹੋਰ ਸ਼ਿਕਾਇਤਾਂ ਇਸ ਐਪ ’ਤੇ ਨਾ ਭੇਜੀਆਂ ਜਾਣ। ਉਹਨਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਕਿਹਾ ਕਿ ਜੇ ਕਿਤੇ ਵੀ ਚੋਣ ਜਾਬਤੇ ਦੀ ਉਲੰਘਣਾ ਹੋ ਰਹੀ ਹੋਵੇ ਤਾਂ ਉਹ ਇਸ ਐਪ ਰਾਹੀਂ ਸ਼ਿਕਾਇਤ ਦਰਜ ਕਰਾ ਸਕਦੇ ਹਨ। ਇਸ ਤੋਂ ਬਿਨਾਂ ਹੋਰ ਜਾਣਕਾਰੀ ਲਈ ਜ਼ਿਲਾ ਪੱਧਰੀ ਚੋਣ ਕੰਟਰੋਲ ਰੂਮ ਜਿਸ ਦਾ ਨੰਬਰ 1950 ਹੈ ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।