ਚੰਡੀਗੜ੍ਹ 7 ਜਨਵਰੀ 2022: ਅਮਰੀਕਾ (USA) ਦੇ ਕੋਲੋਰਾਡੋ (Colorado) ਸੂਬੇ ਦੇ ਅਧਿਕਾਰੀਆਂ ਨੇ ਕਿਹਾ ਕਿ ਪਿਛਲੇ ਹਫਤੇ ਜੰਗਲ ਦੀ ਅੱਗ ਕਾਰਨ 51ਕਰੋੜ ਡਾਲਰ ਦਾ ਨੁਕਸਾਨ ਹੋਇਆ ਹੈ ਅਤੇ 1,084 ਘਰਾਂ ਅਤੇ ਸਹੂਲਤਾਂ ਨੂੰ ਨੁਕਸਾਨ ਪਹੁੰਚਿਆ ਹੈ। ਅਮਰੀਕਾ (USA) ਦੇ ਜੰਗਲੀ ਖੇਤਰ ਵਿੱਚ 30 ਦਸੰਬਰ ਨੂੰ ਲੱਗੀ ਅੱਗ (wildfire) ਕਾਰਨ ਹੋਏ ਨੁਕਸਾਨ ਦਾ ਇਹ ਪਹਿਲਾ ਮੁਲਾਂਕਣ ਹੈ। ਸੂਬੇ ਦੇ ਇਤਿਹਾਸ ਵਿੱਚ ਇਹ ਹੁਣ ਤੱਕ ਦੀ ਸਭ ਤੋਂ ਵਿਨਾਸ਼ਕਾਰੀ ਜੰਗਲ ਦੀ ਅੱਗ (wildfire) ਹੈ। ਅਧਿਕਾਰੀਆਂ ਨੇ ਪਹਿਲਾਂ ਅੰਦਾਜ਼ਾ ਲਗਾਇਆ ਸੀ ਕਿ ਘੱਟੋ-ਘੱਟ 991 ਘਰਾਂ ਅਤੇ ਹੋਰ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਦੌਰਾਨ ਦੋ ਲੋਕ ਲਾਪਤਾ ਹਨ, ਹਾਲਾਂਕਿ ਅਧਿਕਾਰੀਆਂ ਨੂੰ ਇੱਕ ਥਾਂ ‘ਤੇ ਲਾਸ਼ਾਂ ਮਿਲੀਆਂ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪਤਾ ਲਗਾਉਣ ਦੀ ਵੀ ਕੋਸ਼ਿਸ਼ ਕਰ ਰਹੇ ਹਨ ਕਿ ਅੱਗ ਕਿਸ ਕਾਰਨ ਲੱਗੀ ਜਿਸ ਨੇ ਹਜ਼ਾਰਾਂ ਲੋਕਾਂ ਨੂੰ ਬੇਘਰ ਕਰ ਦਿੱਤਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਅੱਗ ਦੀਆਂ ਅਜਿਹੀਆਂ ਹੋਰ ਘਟਨਾਵਾਂ ਵਾਪਰ ਸਕਦੀਆਂ ਹਨ, ਕਿਉਂਕਿ ਜਲਵਾਯੂ ਪਰਿਵਰਤਨ ਕਾਰਨ ਧਰਤੀ ਦਾ ਤਾਪਮਾਨ ਵਧਿਆ ਹੈ ਅਤੇ ਅੱਗ ਲੱਗਣ ਦੇ ਖਤਰੇ ਵਾਲੇ ਖੇਤਰਾਂ ਦੀ ਗਿਣਤੀ ਵਧ ਗਈ ਹੈ। ਬੋਲਡਰ ਕਾਉਂਟੀ ਦੇ 90 ਪ੍ਰਤੀਸ਼ਤ ਤੋਂ ਵੱਧ ਵਿੱਚ ਗਰਮੀਆਂ ਦੇ ਅੱਧ ਤੋਂ ਬਾਅਦ ਗੰਭੀਰ ਸੋਕੇ ਅਤੇ ਮੀਂਹ ਨਹੀਂ ਪਿਆ ਹੈ।