Site icon TheUnmute.com

ਇੱਕ ਵਕੀਲ ਵੱਲੋਂ ਦੋ ਵਿਅਕਤੀਆਂ ‘ਤੇ ਝੂਠੇ ਮੁਕੱਦਮਾ ਦਰਜ ਕਰਵਾਉਣ ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਆਇਆ ਸਾਹਮਣੇ

Patiala

ਪਟਿਆਲਾ 06 ਅਕਤੂਬਰ 2022: ਪਟਿਆਲਾ ਵਿਖੇ (Patiala) ਪ੍ਰੈਕਟਿਸ ਕਰ ਰਹੇ ਇਕ ਵਕੀਲ ਵੱਲੋਂ ਦੋ ਵਿਅਕਤੀਆਂ ਨਾਲ ਧੋਖਾਧੜੀ ਕਰਕੇ ਉਨ੍ਹਾਂ ਤੇ ਝੂਠੇ ਮੁਕੱਦਮੇ ਦਰਜ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ਸ਼ਿਕਾਇਤਕਰਤਾ ਮਨੋਹਰ ਪਾਲ ਸਿੰਘ ਅਤੇ ਜਗਦੀਸ਼ ਚੰਦਰ ਵੱਲੋਂ ਅੱਜ ਨਾਭਾ ਦੇ ਰਹਿਣ ਵਾਲੇ ਦਰਸ਼ਨ ਸਿੰਘ ਨਾਮੀ ਵਕੀਲ ਦੇ ਖ਼ਿਲਾਫ਼ ਧੋਖਾਧੜੀ ਅਤੇ ਉਨ੍ਹਾਂ ਦੇ ਉੱਤੇ ਕਰਵਾਏ ਗਏ ਝੂਠੇ ਮਾਮਲੇ ਨੂੰ ਲੈ ਕੇ ਪਟਿਆਲਾ ਦੇ ਐਸਐਸਪੀ ਨੂੰ ਇਕ ਮੰਗ ਪੱਤਰ ਦਿੱਤਾ ਗਿਆ | ਪਟਿਆਲਾ ਦੇ ਐਸਐਸਪੀ ਦਫ਼ਤਰ ਦੇ ਬਾਹਰ ਪਹੁੰਚੇ ਇਨ੍ਹਾਂ ਦੋ ਵਿਅਕਤੀਆਂ ਨੇ ਮੀਡੀਆ ਨੂੰ ਆਪਣੀ ਹੱਡ ਬੀਤੀ ਸੁਣਾਈ ਹੈ |

ਸ਼ਿਕਾਇਤਕਰਤਾ ਮਨੋਹਰ ਪਾਲ ਸਿੰਘ ਨੇ ਦੱਸਿਆ ਕਿ ਹੀਰਾ ਬਾਗ ਵਿਖੇ ਉਸਦਾ ਕੰਬਾਈਨਾਂ ਦਾ ਸਟੋਰ ਹੈ ਅਤੇ ਕੋਰੋਨਾ ਮਹਾਂਮਾਰੀ ਦੌਰਾਨ ਉਕਤ ਵਕੀਲ ਦਰਸ਼ਨ ਸਿੰਘ ਨਾਭਾ ਨੇ ਉਸ ਨੂੰ 3 ਕੰਬਾਈਨਾਂ ਬਣਾਉਣ ਦਾ ਆਰਡਰ ਦੇ ਦਿੱਤਾ ਅਤੇ ਉਸ ਦੇ ਖਾਤੇ ਵਿਚ ਪੈਸੇ ਵੀ ਪਾ ਦਿੱਤੇ ਅਤੇ ਮੈਂ ਉਸ ਨੂੰ ਇੱਕ ਕੰਬਾਈਨ ਵੀ ਭੇਜ ਦਿੱਤੀ, ਪਰ ਉਸ ਤੋਂ ਬਾਅਦ ਉਹ ਮੇਰੇ ਸਟੋਰ ਵਿਚੋਂ ਦੋ ਕੰਬਾਈਨਾਂ ਚੋਰੀ ਕਰਕੇ ਲੈ ਗਿਆ ਅਤੇ ਬਾਅਦ ਵਿੱਚ ਮੇਰੇ ਉੱਤੇ ਹੀ ਝੂਠੇ ਮੁਕੱਦਮੇ ਦਰਜ ਕਰਵਾ ਦਿੱਤੇ

ਉੱਥੇ ਦੂਜੇ ਪਾਸੇ ਸ਼ਿਕਾਇਤਕਰਤਾ ਜਗਦੀਸ਼ ਚੰਦਰ ਵਾਸੀ ਨਾਭਾ ਨੇ ਦੱਸਿਆ ਕਿ ਪਟਿਆਲਾ ਦੇ ਕੋਰਟ ਵਿੱਚ ਪ੍ਰੈਕਟਿਸ ਕਰ ਰਹੇ ਨਾਭਾ ਦੇ ਰਹਿਣ ਵਾਲੇ ਦਰਸ਼ਨ ਸਿੰਘ ਨਾਮੀ ਵਕੀਲ ਨੇ ਰੈਵੀਨਿਊ ਰਿਕਾਰਡ ਵਿੱਚ ਹੇਰ ਫੇਰ ਕਰਕੇ ਜਾਅਲੀ ਦਸਤਾਵੇਜ਼ ਬਣਾ ਕੇ ਉਸਦੀ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕਰ ਕੇ ਜ਼ਮੀਨ ਤੇ ਕਬਜ਼ਾ ਕਰ ਲਿਆ |

ਸ਼ਿਕਾਇਤਕਰਤਾ ਨੇ ਦੱਸਿਆ ਕਿ ਦਰਸ਼ਨ ਸਿੰਘ ਨਾਮੀ ਇਕ ਬਲੈਕਮੇਲਰ ਵਕੀਲ ਹੈ ਅਤੇ ਇਸ ਵੱਲੋਂ ਆਪਣੀ ਵਕਾਲਤ ਦਾ ਗਲਤ ਇਸਤੇਮਾਲ ਕਰ ਕੇ ਸਾਡੇ ਨਾਲ ਧੋਖਾਧੜੀ ਕੀਤੀ ਹੈ ਜਿਸ ਸਬੰਧੀ ਅੱਜ ਉਨ੍ਹਾਂ ਨੇ ਪਟਿਆਲਾ ਦੇ ਐੱਸਐੱਸਪੀ ਨੂੰ ਮੰਗ ਪੱਤਰ ਦੇ ਕੇ ਉਕਤ ਵਕੀਲ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ | ਇਸ ਮਾਮਲੇ ਨੂੰ ਲੈ ਕੇ ਡੀਐੱਸਪੀ ਜਸਵਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਉਕਤ ਵਿਅਕਤੀਆਂ ਦੇ ਮਾਮਲੇ ਸਬੰਧੀ ਉਨ੍ਹਾਂ ਕੋਲ ਦਰਖਾਸਤ ਭੇਜੀ ਹੈ, ਜਿਸ ਦੀ ਉਹ ਜਾਂਚ ਪੜਤਾਲ ਕਰ ਰਹੇ ਹਨ|

Exit mobile version