ਚੰਡੀਗੜ੍ਹ, 29 ਮਈ 2024: ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ (Patiala) ਲੋਕ ਸਭਾ ਸੀਟ ਤੋਂ ਉਮੀਦਵਾਰ ਐਨ.ਕੇ.ਸ਼ਰਮਾ ਖ਼ਿਲਾਫ਼ ਚੋਣ ਜ਼ਾਬਤੇ ਦੇ ਨਿਯਮਾਂ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਥਾਣਾ ਅਨਾਜ ਮੰਡੀ ਵਿਖੇ ਨੋਡਲ ਅਫ਼ਸਰ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ।
ਪੁਲਿਸ (Patiala) ਨੇ ਅਕਾਲੀ ਉਮੀਦਵਾਰ ਐਨ.ਕੇ ਸ਼ਰਮਾ ਖ਼ਿਲਾਫ਼ ਇਹ ਐਫਆਈਆਰ ਦਰਜ ਕੀਤੀ ਹੈ, ਜਿਸ ਵਿੱਚ ਐਨ ਕੇ ਸ਼ਰਮਾ ਦੇ ਸਮਰਥਨ ਵਿੱਚ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਪਾਰਟੀ ਦੇ ਪੋਸਟਰ, ਬੈਨਰ, ਬੋਰਡ, ਫਲੈਕਸ ਅਤੇ ਝੰਡੇ ਆਦਿ ਲਾਏ ਜਾਣ ਦਾ ਜ਼ਿਕਰ ਕੀਤਾ ਗਿਆ ਹੈ। ਇਹ ਸਾਰੀ ਚੋਣ ਸਮੱਗਰੀ ਸਰਕਾਰੀ ਬਿਜਲੀ ਦੇ ਖੰਭਿਆਂ ਅਤੇ ਸਰਕਾਰੀ ਇਮਾਰਤਾਂ ‘ਤੇ ਲਗਾਈ ਗਈ ਸੀ, ਅਜਿਹਾ ਕਰਨ ‘ਤੇ ਲੋਕ ਸਭਾ ਚੋਣਾਂ 2024 ਲਈ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਕੇਸ ਦਰਜ ਹੋਣ ਤੋਂ ਬਾਅਦ ਐਨ.ਕੇ.ਸ਼ਰਮਾ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਦੀ ਵਧਦੀ ਲੋਕਪ੍ਰਿਅਤਾ ਨੂੰ ਦੇਖ ਕੇ ਘਬਰਾ ਗਈ ਹੈ। ਜਿਸ ਕਾਰਨ ਸਰਕਾਰ ਪੁਲਿਸ ‘ਤੇ ਦਬਾਅ ਪਾ ਕੇ ਝੂਠੇ ਕੇਸ ਦਰਜ ਕਰ ਰਹੀ ਹੈ। ਉਨ੍ਹਾਂ ਕੋਲ ਚੋਣ ਪ੍ਰਚਾਰ ਨਾਲ ਸਬੰਧਤ ਸਾਰੇ ਦਸਤਾਵੇਜ਼ ਹਨ ਅਤੇ ਇਜਾਜ਼ਤ ਵੀ ਲਈ ਹੈ।