ਕੁਰੂਕਸ਼ੇਤਰ, 14 ਮਾਰਚ 2024: ਅੱਜ ਰਾਮਲੀਲਾ ਮੈਦਾਨ ਵਿਖੇ ਹੋਣ ਵਾਲੀ ਕਿਸਾਨ ਮਹਾਂਪੰਚਾਇਤ (Mahapanchayat) ਸਬੰਧੀ ਭਾਰਤੀ ਕਿਸਾਨ ਯੂਨੀਅਨ ਚੜੂਨੀ ਗਰੁੱਪ ਦੇ ਕੌਮੀ ਪ੍ਰਧਾਨ ਗੁਰਨਾਮ ਚੜੂਨੀ ਦੀ ਅਗਵਾਈ ਹੇਠ ਗੱਡੀਆਂ ਅਤੇ ਕਿਸਾਨਾਂ ਦਾ ਕਾਫ਼ਲਾ ਦਿੱਲੀ ਵੱਲ ਰਵਾਨਾ ਹੋਇਆ। ਸਾਰੇ ਪਾਸੇ ਦੇ ਕਿਸਾਨ ਆਗੂ ਇੱਕ ਮੰਚ ‘ਤੇ ਨਜ਼ਰ ਆਉਣਗੇ, ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਸਾਂਝਾ ਕਿਸਾਨ ਮੋਰਚਾ ਨਾਲ ਸਮਝੌਤਾ ਹੋ ਗਿਆ ਹੈ ਅਤੇ ਗਿਲੇ ਸ਼ਿਕਵੇ ਦੂਰ ਹੋ ਗਏ ਹਨ, ਅਸੀਂ ਇਕੱਠੇ ਹੋ ਕੇ ਕਿਸਾਨਾਂ-ਮਜ਼ਦੂਰਾਂ ਦੇ ਹੱਕਾਂ ਲਈ ਲੜਾਂਗੇ।
ਉਨ੍ਹਾਂ ਕਿਹਾ ਕਿ ਕਰਜ਼ੇ ਕਾਰਨ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ, ਬੇਰੁਜ਼ਗਾਰੀ ਕਾਰਨ ਨੌਜਵਾਨ ਵਿਦੇਸ਼ਾਂ ਨੂੰ ਪਲਾਇਨ ਕਰ ਰਹੇ ਹਨ, ਫਸਲਾਂ ਦੀ ਖਰੀਦ ਦੇ ਸਮਰਥਨ ਮੁੱਲ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਅੱਜ ਦਿੱਲੀ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ ਕੀਤੀ ਜਾ ਰਹੀ ਹੈ।
ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਕਿਸਾਨਾਂ-ਮਜ਼ਦੂਰਾਂ ਦੀਆਂ ਮੰਗਾਂ ਜਦੋਂ ਦਾ ਅੰਦੋਲਨ ਖਤਮ ਕੀਤਾ ਗਿਆ ਸੀ, ਅਜੇ ਤੱਕ ਪੂਰੀਆਂ ਨਹੀਂ ਕੀਤੀਆਂ ਗਈਆਂ। ਮਜ਼ਦੂਰ ਨੂੰ ਉਸ ਦੀ ਪੂਰੀ ਮਜ਼ਦੂਰੀ ਮਿਲਣੀ ਚਾਹੀਦੀ ਹੈ। ਕਰਜ਼ਾ ਮੁਆਫ਼ੀ ਅਤੇ ਘੱਟੋ-ਘੱਟ ਸਮਰਥਨ ਮੁੱਲ ਫ਼ਸਲਾਂ ਦੇ ਭਾਅ ਦੀ ਗਰੰਟੀ ਲਈ ਅੱਜ ਦਿੱਲੀ ਵਿੱਚ ਕਿਸਾਨ ਮਹਾਂਪੰਚਾਇਤ (Mahapanchayat) ਕਰਨਗੇ | ਉਨ੍ਹਾਂ ਕਿਹਾ ਕਿ ਸਾਡੀਆਂ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰਹੇਗਾ |
ਉਨ੍ਹਾਂ ਕਿਹਾ ਕਿ ਅਸੀਂ ਸ਼ਾਂਤਮਈ ਢੰਗ ਨਾਲ ਖਾਲੀ ਹੱਥ ਦਿੱਲੀ ਜਾ ਰਹੇ ਹਾਂ। ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸਰਕਾਰ ਸਮੇਂ ਸਿਰ ਕਿਸਾਨਾਂ ਦੀਆਂ ਮੰਗਾਂ ਮੰਨੇ। ਅਸੀਂ ਕੋਈ ਵੀ ਗੈਰ-ਕਾਨੂੰਨੀ ਮੰਗ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਅਸੀਂ ਸੰਯੁਕਤ ਕਿਸਾਨ ਮੋਰਚਾ ਨਾਲ ਸਮਝੌਤਾ ਕਰ ਲਿਆ ਹੈ ਅਤੇ ਅਸੀਂ ਪੰਜਾਬ ਦੀਆਂ ਸਮੂਹ ਜਥੇਬੰਦੀਆਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਇੱਕ ਪਲੇਟਫਾਰਮ ‘ਤੇ ਇਕੱਠੇ ਹੋ ਕੇ ਅੰਦੋਲਨ ਦਾ ਸੰਘਰਸ਼ ਕਰਨ।