ਚੰਡੀਗੜ੍ਹ, 17 ਅਪ੍ਰੈਲ 2023: ਪੰਜਾਬ ਵਿੱਚ 12 ਅਪ੍ਰੈਲ ਨੂੰ ਬਠਿੰਡਾ ਮਿਲਟਰੀ ਸਟੇਸ਼ਨ (Bathinda Military Station) ‘ਚ 4 ਜਵਾਨਾਂ ‘ਤੇ ਗੋਲੀਬਾਰੀ ਕਰ ਦਿੱਤੀ ਸੀ, ਜਿਸ ਵਿੱਚ ਚਾਰੇ ਜਵਾਨਾਂ ਦੀ ਮੌਤ ਹੋ ਗਈ ਸੀ । ਹੁਣ ਮਾਮਲੇ ਵਿੱਚ ਪੰਜਾਬ ਪੁਲਿਸ ਅਤੇ ਫੌਜ ਨੇ ਸਾਂਝੀ ਕਾਰਵਾਈ ਕਰਦਿਆਂ ਮੁਲਜ਼ਮ ਗਨਰ ਦੇਸਾਈ ਮੋਹਨ ਨੂੰ ਸੋਮਵਾਰ ਨੂੰ ਗ੍ਰਿਫਤਾਰ ਕਰ ਲਿਆ, ਜਵਾਨਾਂ ਦੇ ਸਾਥੀ ਨੇ ਹੀ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ | ਉਕਤ ਜਵਾਨ ਆਂਧਰਾ ਪ੍ਰਦੇਸ਼ ਦਾ ਰਹਿਣ ਵਾਲਾ ਹੈ | ਪੁਲਿਸ ਮੁਤਾਬਕ ਉਕਤ ਜਵਾਨ ਨੇ ਝੂਠ ਬੋਲਿਆ ਕਿ ਕੁੜਤਾ ਪਜਾਮਾ ਪਹਿਨੇ 2 ਨਕਾਬਪੋਸ਼ ਵਿਅਕਤੀਆਂ ਨੇ ਕਤਲ ਨੂੰ ਅੰਜ਼ਾਮ ਦਿੱਤਾ ਹੈ। ਪੁਲਿਸ ਨੇ ਦੱਸਿਆ ਕਿ ਆਪਸੀ ਰੰਜਿਸ਼ ਦਾ ਮਾਮਲਾ ਸੀ |
ਗੋਲੀਬਾਰੀ ਦੌਰਾਨ ਸਾਗਰ ਬੰਨੇ, ਕਮਲੇਸ਼ ਆਰ, ਯੋਗੇਸ਼ ਕੁਮਾਰ ਜੇ, ਸੰਤੋਸ਼ ਕੁਮਾਰ ਨਾਗਰਾਲ ਮਾਰੇ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਤੋਂ ਬਾਅਦ ਦੇਸਾਈ ਨੇ ਅਧਿਕਾਰੀਆਂ ਨੂੰ ਵੀ ਗੁੰਮਰਾਹ ਕੀਤਾ ਸੀ। ਦੇਸਾਈ ਨੇ ਕਿਹਾ ਸੀ ਕਿ ਉਨ੍ਹਾਂ ਨੇ ਕੁਝ ਸ਼ੱਕੀ ਲੋਕਾਂ ਨੂੰ ਦੇਖਿਆ ਸੀ ਜੋ ਜੰਗਲ ਵੱਲ ਭੱਜੇ ਸਨ। ਉਸ ਦੇ ਬਿਆਨਾਂ ਦੇ ਆਧਾਰ ‘ਤੇ ਜਦੋਂ ਜਾਂਚ ਕੀਤੀ ਗਈ ਤਾਂ ਸਾਰਾ ਮਾਮਲਾ ਸਾਹਮਣੇ ਆਇਆ।
ਬਠਿੰਡਾ ਦੇ ਸੀਨੀਅਰ ਪੁਲਿਸ ਕਪਤਾਨ ਗੁਲਨੀਤ ਸਿੰਘ ਖੁਰਾਣਾ ਨੇ ਮੀਡੀਆ ਨੂੰ ਦੱਸਿਆ ਕਿ ਇਸ ਘਟਨਾ ਦੇ ਮੁੱਖ ਗਵਾਹ ਮੋਹਨ ਦੇਸਾਈ ਨੂੰ ਕਤਲ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮਰਨ ਵਾਲਿਆਂ ਵਿੱਚ ਦੋ ਤਾਮਿਲਨਾਡੂ ਅਤੇ ਦੋ ਕਰਨਾਟਕ ਦੇ ਸਨ | ਅਫਸਰਾਂ ਦੀ ਮੈਸ ਦੇ ਪਿੱਛੇ ਇੱਕ ਬੈਰਕ ਵਿੱਚ ਉਨ੍ਹਾਂ ਦੇ ਕਮਰਿਆਂ ਵਿੱਚ ਮਾਰੇ ਜਾਣ ਤੋਂ ਬਾਅਦ, ਫੌਜ ਨੇ ਕਿਹਾ ਕਿ ਅਪਰਾਧ ਵਿੱਚ ਵਰਤੀ ਗਈ ਇੰਸਾਸ ਰਾਈਫਲ ਅਤੇ ਮੈਗਜ਼ੀਨ ਦਾ ਪਤਾ ਲਗਾ ਲਿਆ ਗਿਆ ਹੈ। ਪੁਲਿਸ ਅਤੇ ਫੌਜ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ |