June 28, 2024 12:37 pm
ਪੰਜਾਬੀ ਪਰਿਵਾਰ

ਅਮਰੀਕਾ ‘ਚ ਪੰਜਾਬੀ ਪਰਿਵਾਰ ਦੇ ਕਤਲ ਮਾਮਲੇ ‘ਚ ਵੱਡਾ ਖ਼ੁਲਾਸਾ, ਦੋਸ਼ੀ ਦਾ ਪਰਿਵਾਰ ਨਾਲ ‘ਚ ਰਿਹਾ ਸੀ ਝਗੜਾ

ਚੰਡੀਗੜ੍ਹ 07 ਅਕਤੂਬਰ 2022: ਬੀਤੇ ਦਿਨ ਅਮਰੀਕਾ ਦੇ ਕੈਲੀਫੋਰਨੀਆ ‘ਚ ਅਗਵਾ ਕੀਤੇ ਪੰਜਾਬੀ ਪਰਿਵਾਰ ਦੇ ਚਾਰ ਮੈਂਬਰਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਸਨ | ਇਨ੍ਹਾਂ ਵਿੱਚ 8 ਮਹੀਨੇ ਦੀ ਬੱਚੀ ਵੀ ਸ਼ਾਮਲ ਹੈ। ਮਰਸਡ ਕਾਉਂਟੀ (Merced County) ਸ਼ੈਰਿਫ ਵਰਨ ਵਾਰਨੇਕੇ ਨੇ ਵੀ ਇਸ ਦੀ ਪੁਸ਼ਟੀ ਕੀਤੀ ਸੀ | ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਸਾਰੀਆਂ ਨੂੰ ਗੋਲੀ ਮਾਰ ਦਿੱਤੀ ਗਈ ਸੀ |

ਇਸ ਕਤਲ ਮਾਮਲੇ ਵਿੱਚ ਹੁਣ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ | ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਮਰਸਡ ਕਾਊਂਟੀ ਸ਼ੈਰਿਫ ਨੇ ਦੱਸਿਆ ਕਿ ਦੋਸ਼ੀ ਇਸ ਪੰਜਾਬੀ ਪਰਿਵਾਰ ਲਈ ਕੰਮ ਕਰਦਾ ਸੀ ਪਰ ਪਿਛਲੇ ਇਕ ਸਾਲ ਤੋਂ ਉਸ ਦਾ ਪਰਿਵਾਰ ਨਾਲ ਝਗੜਾ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਮੁਲਜ਼ਮ ਦੇ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ।

ਇਸ ਕਤਲ ਮਾਮਲੇ ਵਿਚ ਅਮਰੀਕੀ ਪੁਲਿਸ ਨੇ ਜੀਸਸ ਮੈਨੁਅਲ ਸਾਲਗਾਡੋ ਨਾਂ ਦੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਸੀ | ਦੱਸਿਆ ਜਾ ਰਿਹਾ ਹੈ ਕਿ ਸਾਲਗਾਡੋ ਨੇ ਖੁਦਕੁਸ਼ੀ ਦੀ ਕੋਸ਼ਿਸ਼ ਵੀ ਕੀਤੀ ਸੀ। ਇਸਦੇ ਨਾਲ ਹੀ ਸ਼ੈਰਿਫ ਵਰਨ ਵਾਰਨੇਕੇ ਨੇ ਕਿਹਾ ਕਿ 48 ਸਾਲਾ ਮੁਲਜ਼ਮ ਹਸਪਤਾਲ ਵਿਚ ਭਰਤੀ ਹੈ |

ਉਨ੍ਹਾਂ ਕਿਹਾ ਕਿ ਸਾਲਗਾਡੋ ਨੂੰ ਪਹਿਲਾਂ ਹੀ ਇੱਕ ਡਕੈਤੀ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ ਅਤੇ ਉਸ ਨੂੰ 11 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਉਸਨੂੰ 2015 ਵਿੱਚ ਰਿਹਾਅ ਕੀਤਾ ਗਿਆ ਸੀ। ਸ਼ੈਰਿਫ ਨੇ ਕਿਹਾ, “ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਮੁਲਜ਼ਮ ਪੰਜਾਬੀ ਪਰਿਵਾਰ ਨਾਲ ਕਿਵੇਂ ਸਬੰਧ ਰੱਖਦਾ ਸੀ ਅਤੇ ਉਨ੍ਹਾਂ ਵਿਚਕਾਰ ਕੀ ਝਗੜਾ ਸੀ।” ਪੁਲਿਸ ਨੂੰ ਦੱਸਿਆ ਕਿ ਅਗਵਾ ਕੀਤੇ ਗਏ ਵਿਅਕਤੀਆਂ ਵਿੱਚੋਂ ਇੱਕ ਦਾ ਬੈਂਕ ਏਟੀਐਮ ਕਾਰਡ ਐਟਵਾਟਰ, ਮਰਸਡ ਕਾਉਂਟੀ ਵਿੱਚ ਇੱਕ ਏਟੀਐਮ ਵਿੱਚ ਵਰਤਿਆ ਗਿਆ ਸੀ।